ਇਕ ਖੁਫ਼ੀਆ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਛੇ ਵਿਅਕਤੀਆਂ ਨੂੰ 6 ਆਧੁਨਿਕ ਹਥਿਆਰਾਂ ਅਤੇ 5.75 ਲੱਖ ਰੁਪਏ ਦੀ ਹਵਾਲਾ ਰਾਸ਼ੀ ਸਣੇ ਗ੍ਰਿਫ਼ਤਾਰ ਕੀਤਾ। ਇਹ ਜਾਣਕਾਰੀ ਅੱਜ ਇੱਥੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ।ਮੁਲਜ਼ਮਾਂ ਦੀ ਪਛਾਣ ਪ੍ਰਗਟ ਸਿੰਘ ਵਾਸੀ ਪਿੰਡ ਵਾਂ ਤਾਰਾ ਸਿੰਘ ਤਰਨਤਾਰਨ, ਅਜੈਬੀਰ ਸਿੰਘ ਉਰਫ਼ ਅਜੈ ਵਾਸੀ ਗਲੀ ਪੰਜਾਬ ਸਿੰਘ ਅੰਮ੍ਰਿਤਸਰ, ਕਰਨਬੀਰ ਸਿੰਘ ਉਰਫ਼ ਕਰਨ ਵਾਸੀ ਪਾਲ ਐਵੇਨਿਊ ਅੰਮ੍ਰਿਤਸਰ, ਸ੍ਰੀ ਰਾਮ ਵਾਸੀ ਪਾਲ ਐਵੇਨਿਊ, ਮਹਿਕਪ੍ਰੀਤ ਸਿੰਘ ਉਰਫ਼ ਰੋਹਿਤ ਅਫ਼ਸਰ ਕਲੋਨੀ ਅੰਮ੍ਰਿਤਸਰ ਅਤੇ ਦਿਨੇਸ਼ ਕੁਮਾਰ ਵਾਸੀ ਆਦਮਪੁਰ ਜਲੰਧਰ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਇੱਕ 9 ਐਮਐਮ ਗਲੋਕ, ਤਿੰਨ .30 ਬੋਰ ਪੀਐਕਸ-5 ਪਿਸਤੌਲ, ਇੱਕ .32 ਬੋਰ ਅਤੇ .30 ਬੋਰ ਪਿਸਤੌਲ ਸ਼ਾਮਲ ਹਨ।ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ।ਡੀਜੀਪੀ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਗ੍ਰਿਫ਼ਤਾਰ ਮੁਲਜ਼ਮ ਮਹਿਕਪ੍ਰੀਤ ਸਿੰਘ ਉਰਫ਼ ਰੋਹਿਤ ਵੱਲੋਂ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ਹੇਠ ਚਲਾਇਆ ਜਾ ਰਿਹਾ ਸੀ।ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਗਾਮੀ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਤੇ ਬਰਾਮਦਗੀਆਂ ਹੋਣ ਦੀ ਉਮੀਦ ਹੈ।ਪੁਲੀਸ ਕਮਿਸ਼ਨਰ (ਸੀਪੀ) ਗੁਰਪ੍ਰੀਤ ਸਿੰਘ ਭੁੱਲਰ ਦੱਸਿਆ ਕਿ ਪ੍ਰਗਟ ਸਿੰਘ ਨੂੰ ਪਹਿਲਾਂ ਦੋ ਹਥਿਆਰਾਂ ਨਾਲ ਗ੍ਰਿਫ਼ਤਾਰ ਕੀਤਾ ਸੀ, ਜੋ ਕਿ ਸਰਹੱਦ ਪਾਰ ਦੀਆਂ ਖੇਪਾਂ ਦਾ ਹਿੱਸਾ ਸਨ ਅਤੇ ਨੈੱਟਵਰਕ ਰਾਹੀਂ ਅੱਗੇ ਵੰਡੇ ਜਾਣੇ ਸਨ।ਜਾਂਚ ਦੌਰਾਨ ਮਾਡਿਊਲ ਦੇ ਹੋਰਨਾਂ ਮੈਂਬਰਾਂ ਅਜੈਬੀਰ, ਕਰਨਬੀਰ ਅਤੇ ਸ੍ਰੀ ਰਾਮ ਨੂੰ ਇੱਕ ਪਿਸਤੌਲ ਸਣੇ ਗ੍ਰਿਫ਼ਤਾਰ ਕੀਤਾ ਗਿਆ। ਮਹਿਕਪ੍ਰੀਤ ਵਜੋਂ ਪਛਾਣੇ ਗਏ ਮਾਡਿਊਲ ਦੇ ਮੁੱਖ ਸਰਗਨਾ ਨੂੰ ਗੋਆ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਕੋਲੋਂ ਤਿੰਨ ਹਥਿਆਰ ਬਰਾਮਦ ਕੀਤੇ ਗਏ।ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਵਿੱਚ ਪਾਇਆ ਗਿਆ ਹੈ ਕਿ ਹਥਿਆਰਾਂ ਦੀ ਤਸਕਰੀ ਦੇ ਵਪਾਰ ਦਾ ਪੈਸਾ ਹਵਾਲਾ ਨੈੱਟਵਰਕ ਰਾਹੀਂ ਭੇਜਿਆ ਗਿਆ ਸੀ, ਜਿਸ ਵਿੱਚ ਦਿਨੇਸ਼ ਨੂੰ 5.75 ਲੱਖ ਰੁਪਏ ਹਵਾਲਾ ਰਾਸ਼ੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ।ਇਸ ਸਬੰਧੀ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਵਿਖੇ ਅਸਲਾ ਐਕਟ ਹੇਠ ਕੇਸ ਦਰਜ ਕੀਤਾ ਗਿਆ ਹੈ।