ਸ੍ਰੀ ਦਰਬਾਰ ਸਾਹਿਬ ਨੇੜੇ ਕਾਠੀਆਂ ਵਾਲਾ ਬਾਜ਼ਾਰ ਵਿੱਚ ਗੋਲੀ ਚੱਲੀ, ਨੌਜਵਾਨ ਦੀ ਮੌਤ
ਪੁਲੀਸ ਨੇ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਸ਼ਨਾਖਤ ਕੀਤੀ, ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ
Advertisement
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਅਪਰੈਲ
ਸ੍ਰੀ ਦਰਬਾਰ ਸਾਹਿਬ ਨੇੜੇ ਇਲਾਕੇ ਕਾਠੀਆਂ ਵਾਲਾ ਬਾਜ਼ਾਰ ਵਿਚ ਅੱਜ ਸ਼ਾਮ ਵੇਲੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਇੱਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ ਹੈ। ਮਾਰੇ ਗਏ ਵਿਅਕਤੀ ਦੀ ਸ਼ਨਾਖਤ ਰਵਨੀਤ ਸਿੰਘ ਉਰਫ ਸੋਨੂ ਮੋਟਾ ਵਜੋਂ ਦੱਸੀ ਗਈ ਹੈ। ਮੌਕੇ ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਦੋ ਪਾਸਿਓਂ ਗੋਲੀਆਂ ਚੱਲੀਆਂ ਅਤੇ ਇੱਕ ਨੌਜਵਾਨ ਜ਼ਖਮੀ ਹੋ ਕੇ ਬਾਜ਼ਾਰ ਵਿੱਚ ਡਿੱਗ ਪਿਆ।
ਪੁਲੀਸ ਦੇ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕੇ ਕਾਠੀਆਂ ਵਾਲਾ ਬਾਜ਼ਾਰ ਵਿੱਚ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਪੁਲੀਸ ਨੇ ਗੋਲੀਆਂ ਚਲਾਉਣ ਵਾਲੇ ਵਿਅਕਤੀ ਦੀ ਸ਼ਨਾਖਤ ਅਭਿਰਾਜ ਸਿੰਘ ਵਜੋਂ ਕੀਤੀ ਹੈ। ਪੁਲੀਸ ਵੱਲੋਂ ਉਸ ਨੂੰ ਗ੍ਰਿਫਤਾਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦੋ ਐਕਟਿਵਾ ਸਵਾਰ ਵਿਅਕਤੀਆਂ ’ਤੇ ਅਣਪਛਾਤਿਆਂ ਵੱਲੋਂ ਗੋਲੀ ਚਲਾਈ ਗਈ ਹੈ। ਇਸ ਘਟਨਾ ਵਿੱਚ ਰਵਨੀਤ ਸਿੰਘ ਉਰਫ ਸੋਨੂ ਮੋਟਾ ਨੂੰ ਗੋਲੀਆਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਫੋਰੈਂਸਿਕ ਟੀਮਾਂ ਨੂੰ ਮੌਕੇ ’ਤੇ ਭੇਜਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਅਭਿਰਾਜ ਸਿੰਘ ਨਾਂ ਦੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਕਾਠੀਆਂ ਵਾਲਾ ਬਾਜ਼ਾਰ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਭੀੜਾ ਤੇ ਤੰਗ ਗਲੀਆਂ ਵਾਲਾ ਬਾਜ਼ਾਰ ਹੈ, ਜਿੱਥੇ ਸਕੂਟਰ ਦਾ ਲੰਘਣਾ ਵੀ ਮੁਸ਼ਕਿਲ ਲੱਗਦਾ ਹੈ। ਜਾਣਕਾਰੀ ਮੁਤਾਬਕ ਰਵਨੀਤ ਸਿੰਘ ਜਦੋਂ ਸ੍ਰੀ ਦਰਬਾਰ ਸਾਹਿਬ ਤੋਂ ਵਾਪਸ ਪਰਤ ਰਿਹਾ ਸੀ ਤਾਂ ਇਸ ਤੰਗ ਬਾਜ਼ਾਰ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਦੋਵੇਂ ਪਾਸੇ ਤੋਂ ਘੇਰ ਲਿਆ ਅਤੇ ਗੋਲੀਆਂ ਚਲਾਈਆਂ। ਹਮਲੇ ਵਿਚ ਉਹ ਜ਼ਖ਼ਮੀ ਹੋ ਗਿਆ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਇੱਕ ਦੁਕਾਨਦਾਰ ਨੇ ਦੱਸਿਆ ਕਿ ਜਦੋਂ ਗੋਲੀਆਂ ਚੱਲੀਆਂ ਉਸ ਵੇਲੇ ਉਹ ਦੁਕਾਨ ਦੇ ਬਾਹਰ ਬੈਠਾ ਹੋਇਆ ਸੀ ਅਤੇ ਉਸ ਨੇ ਤੁਰੰਤ ਭੱਜ ਕੇ ਆਪਣੀ ਜਾਨ ਬਚਾਈ। ਉਸ ਨੇ ਦੱਸਿਆ ਕਿ ਉਹ ਤੁਰੰਤ ਦੁਕਾਨ ਦੇ ਅੰਦਰ ਆ ਗਿਆ। ਉਸ ਨੇ ਕਿਹਾ ਕਿ ਗੋਲੀ ਕਿਸੇ ਨੂੰ ਵੀ ਲੱਗ ਸਕਦੀ ਸੀ।
ਜਾਣਕਾਰੀ ਮੁਤਾਬਕ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਵਿਅਕਤੀ ਅਭਿਰਾਜ ਸਿੰਘ ਸਾਬਕਾ ਕੌਂਸਲਰ ਗੁਰਦੀਪ ਸਿੰਘ ਦਾ ਬੇਟਾ ਹੈ, ਜਿਸ ਦੀ ਕੁਝ ਸਮਾਂ ਪਹਿਲਾਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਸੋਨੂ ਮੋਟਾ ਦੀ ਸ਼ਮੂਲੀਅਤ ਦਾ ਖ਼ਦਸ਼ਾ ਸੀ। ਉਸ ਦੇ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ।
Advertisement
×