ਦੁਕਾਨਦਾਰ ਦੀ ਗੋਲੀਆਂ ਮਾਰ ਕੇ ਹੱਤਿਆ
ਟ੍ਰਿਬਿਉੂਨ ਨਿਉੂਜ਼ ਸਰਵਿਸ ਅੰਮ੍ਰਿਤਸਰ, 21 ਅਗਸਤ ਇਥੋਂ ਦੇ ਛੇਹਰਟਾ ਦੀ ਭੱਲਾ ਕਲੋਨੀ ਦੀ ਜਾਮੁਨ ਵਾਲੀ ਗਲੀ ਵਿਚ ਅੱਜ ਬਾਅਦ ਦੁਪਹਿਰ ਤਿੰਨ ਮੋਟਰਸਾਈਕਲ ਸਵਾਰਾਂ ਨੇ ਦੁਕਾਨਦਾਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਸ਼ਨਾਖਤ ਰਾਜਿੰਦਰ ਕਾਲੀਆ ਵਜੋਂ ਹੋਈ ਹੈ।...
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 21 ਅਗਸਤ
ਇਥੋਂ ਦੇ ਛੇਹਰਟਾ ਦੀ ਭੱਲਾ ਕਲੋਨੀ ਦੀ ਜਾਮੁਨ ਵਾਲੀ ਗਲੀ ਵਿਚ ਅੱਜ ਬਾਅਦ ਦੁਪਹਿਰ ਤਿੰਨ ਮੋਟਰਸਾਈਕਲ ਸਵਾਰਾਂ ਨੇ ਦੁਕਾਨਦਾਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਸ਼ਨਾਖਤ ਰਾਜਿੰਦਰ ਕਾਲੀਆ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਸਨੇਹ ਲਤਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਪਤੀ ਆਪਣੀ ਦੁੱਧ ਅਤੇ ਆਈਸਕਰੀਮ ਦੀ ਦੁਕਾਨ ’ਤੇ ਬੈਠਾ ਸੀ। ਲਗਪਗ ਚਾਰ ਵਜੇ ਮੋਟਰ ਸਾਈਕਲ ਸਵਾਰ ਤਿੰਨ ਨੌਜਵਾਨ ਖਾਣ-ਪੀਣ ਦਾ ਸਾਮਾਨ ਖਰੀਦਣ ਦੇ ਬਹਾਨੇ ਦੁਕਾਨ ਅੰਦਰ ਦਾਖਲ ਹੋਏ ਅਤੇ ਕੁਝ ਸਾਮਾਨ ਮੰਗਿਆ। ਉਸ ਦਾ ਪਤੀ ਜਦੋਂ ਕੋਲਡ ਡਰਿੰਕ ਕੱਢਣ ਲਈ ਫਰਿੱਜ ਵੱਲ ਗਿਆ ਤਾਂ ਦੋ ਨੌਜਵਾਨਾਂ ਨੇ ਗੱਲੇ ਵਿੱਚੋਂ ਪੈਸੇ ਕੱਢ ਲਏ। ਦੁਕਾਨਦਾਰ ਨੇ ਇਸ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਹਮਲਾਵਰਾਂ ’ਚੋਂ ਇਕ ਨੇ ਪਿਸਤੌਲ ਕੱਢ ਕੇ ਉਸ ’ਤੇ ਗੋਲੀ ਚਲਾ ਦਿੱਤੀ ਜੋ ਉਸ ਦੇ ਪਤੀ ਦੀ ਛਾਤੀ ’ਚ ਲੱਗੀ। ਇਸ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਨੇੜਲੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ੲਿਸ ਮੌਕੇ ਪੁਲੀਸ ਵਧੀਕ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਵਿਰਕ, ਸਹਾਇਕ ਪੁਲੀਸ ਕਮਿਸ਼ਨਰ (ਏਸੀਪੀ) ਸਰਬਜੀਤ ਸਿੰਘ ਅਤੇ ਥਾਣਾ ਛੇਹਰਟਾ ਦੇ ਐਸਐਚਓ ਗੁਰਵਿੰਦਰ ਸਿੰਘ ਮੌਕੇ ’ਤੇ ਪੁੱਜੇ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਮੁੱਢਲੀ ਪੜਤਾਲ ਤੋਂ ਇਹ ਮਾਮਲਾ ਲੁੱਟ-ਖੋਹ ਦਾ ਲਗਦਾ ਹੈ। ਫਿਲਹਾਲ ਪੁਲੀਸ ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਏਸੀਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਸੀਸੀਟੀਵੀ ਫੁਟੇਜ ਇਕੱਠੀ ਕਰ ਲਈ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਪਰਿਵਾਰਕ ਮੈਂਬਰ ਦੇ ਬਿਆਨ ਦਰਜ ਕਰ ਰਹੀ ਹੈ। ਪੁਲੀਸ ਵਲੋਂ ਲੁਟੇਰਿਆਂ ਦੀ ਪਛਾਣ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।

