SGPC ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦਾ ਵੱਡਾ ਫੈਸਲਾ: ਗਿਆਨੀ ਰਘਬੀਰ ਸਿੰਘ ਦੀਆਂ ਅਕਾਲ ਤਖ਼ਤ ਦੇ ਜਥੇਦਾਰ ਵਜੋਂ ਸੇਵਾਵਾਂ ਖ਼ਤਮ
ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਵੀ ਹਟਾਇਆ; ਕੁਲਦੀਪ ਸਿੰਘ ਗੜਗੱਜ ਨੂੰ ਅਕਾਲ ਤਖ਼ਤ ਦਾ ਕਾਰਜਕਾਰੀ ਤੇ ਤਖ਼ਤ ਕੇਸਗੜ੍ਹ ਸਾਹਿਬ ਦਾ ਜਥੇਦਾਰ ਲਾਇਆ; ਸੰਤ ਟੇਕ ਸਿੰਘ ਧਨੌਲਾ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਜ਼ਿੰਮੇਵਾਰੀ ਸੌਂਪੀ, ਕਮੇਟੀ ਦਾ ਸਾਲਾਨਾ ਬਜਟ ਇਜਲਾਸ 28 ਨੂੰ ਸੱਦਿਆ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ , 7 ਮਾਰਚ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀਆਂ ਸੇਵਾਵਾਂ ਖਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦਾ ਖੁਲਾਸਾ ਅੰਤਰਿੰਗ ਕਮੇਟੀ ਵਿੱਚ ਸ਼ਾਮਲ ਵਿਰੋਧੀ ਧਿਰ ਦੇ ਮੈਂਬਰ ਜਸਵੰਤ ਸਿੰਘ ਪੜੈਣ ਵੱਲੋਂ ਕੀਤਾ ਗਿਆ ਹੈ। ਉਂਝ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਸ੍ਰੀ ਹਰਿਮੰਦਰ ਸਾਹਿਬ ਵਿਚ ਕ੍ਰਮਵਾਰ ਹੈੱਡ ਗ੍ਰੰਥੀ ਤੇ ਗ੍ਰੰਥੀ ਵਜੋਂ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਕਾਲ ਤਖਤ ਦਾ ਕਾਰਜਕਾਰੀ ਜਥੇਦਾਰ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਹੈ। ਸੰਤ ਟੇਕ ਸਿੰਘ ਧਨੌਲਾ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਨਾਮਜ਼ਦ ਕੀਤਾ ਹੈ। ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਇਜਲਾਸ 28 ਮਾਰਚ ਨੂੰ ਸੱਦਿਆ ਗਿਆ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਦਾ ਮਾਮਲਾ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।

