ਸੁਰੱਖਿਆ ਬਲਾਂ ਨੇ ਸਰਹੱਦ ਪਾਰੋਂ ਆਏ ਚਾਰ ਡਰੋਨ ਕੀਤੇ ਬਰਾਮਦ
ਬੀਐੱਸਐੱਫ਼ ਨੇ ਸਰਹੱਦ ਪਾਰੋਂ ਪਾਕਿਸਤਾਨ ਵਾਲੇ ਪਾਸਿਓਂ ਹਥਿਆਰ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਦੇ ਯਤਨਾਂ ਤਹਿਤ ਚਾਰ ਡਰੋਨ ਬਰਾਮਦ ਕੀਤੇ ਹਨ। ਇਸਤੋਂ ਇਲਾਵਾ ਇੱਕ ਪਿਸਤੌਲ ਅਤੇ ਹੈਰੋਇਨ ਵੀ ਜ਼ਬਤ ਕੀਤੀ ਹੈ। ਬੀਐੱਸਐੱਫ ਅਧਿਕਾਰੀ ਨੇ ਦੱਸਿਆ ਕਿ 27 ਅਤੇ 28 ਜੁਲਾਈ ਦੀ ਦਰਮਿਆਨੀ ਰਾਤ ਨੂੰ ਡਿਊਟੀ 'ਤੇ ਤਾਇਨਾਤ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਦੇ ਪਿੰਡ ਪੁੱਲ ਮੋਰਾਂ ਦੇ ਨੇੜਲੇ ਖੇਤਰ ਵਿੱਚੋ ਤਿੰਨ ਡਰੋਨ ਜੋ ਕਿ ਡੀਜੀਆਈ ਮੈਵਿਕ ਤਿੰਨ ਕਲਾਸਿਕ ਸ਼੍ਰੇਣੀ ਦੇ ਹਨ, ਸਮੇਤ ਇੱਕ ਪਿਸਤੌਲ, ਹੈਰੋਇਨ ਦੇ ਦੋ ਪੈਕੇਟ ਬਰਾਮਦ ਕੀਤੇ ਹਨ।
ਉਨ੍ਹਾਂ ਦੱਸਿਆ ਇਸ ਤੋਂ ਇਲਾਵਾ ਇੱਕ ਖੁਫ਼ੀਆ ਜਾਣਕਾਰੀ ਦੇ ਆਧਾਰ ਤੇ ਕੀਤੇ ਗਏ ਇੱਕ ਸਾਂਝੇ ਸਰਚ ਆਪਰੇਸ਼ਨ ਦੌਰਾਨ ਬੀਐਸਐਫ ਅਤੇ ਪੰਜਾਬ ਪੁਲੀਸ ਨੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਡਲ ਦੇ ਨਾਲ ਲੱਗਦੇ ਖੇਤਾਂ ਵਿੱਚੋਂ ਇੱਕ ਡਰੋਨ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਬੀਐਸਐਫ ਦੇ ਚੌਕਸ ਜਵਾਨਾਂ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਗਤੀਵਿਧੀਆਂ ਲਈ ਹਵਾਈ ਰਸਤੇ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨੀ ਤਸਕਰਾਂ ਦੀਆਂ ਕੋਸ਼ਿਸ਼ਾਂ ਨੂੰ ਨਕਾਮ ਕਰ ਦਿੱਤਾ ਹੈ।
ਦੱਸਣ ਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਬੀਐੱਸਐੱਫ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਆਏ ਛੇ ਡਰੋਨ ਬਰਾਮਦ ਕੀੇਤੇ ਸਨ। ਇਹ ਸਾਰੇ ਡਰੋਨ ਵੀ ਇਸੇ ਸਰਹੱਦੀ ਖੇਤਰ ਵਿੱਚੋ ਹੀ ਬਰਾਮਦ ਹੋਏ ਸਨ।