ਸੰਪਰਦਾਇ ਰਾੜਾ ਸਾਹਿਬ ਦੇ ਮੁਖੀ ਸੰਤ ਬਲਜਿੰਦਰ ਸਿੰਘ ਦਾ ਦੇਹਾਂਤ
ਜਥੇਦਾਰ ਕੁਲਦੀਪ ਸਿੰਘ ਗਡ਼ਗੱਜ ਵੱਲੋਂ ਦੁੱਖ ਦਾ ਪ੍ਰਗਟਾਵਾ
Advertisement
ਗੁਰ ਇਤਿਹਾਸ ਦੇ ਖੋਜੀ ਤੇ ਗਿਆਨਵਾਨ ਸਿੱਖ ਪ੍ਰਚਾਰਕ ਅਤੇ ਸੰਪਰਦਾਇ ਰਾੜਾ ਸਾਹਿਬ ਦੇ ਮੁਖੀ ਸੰਤ ਬਲਜਿੰਦਰ ਸਿੰਘ ਬੀਤੀ ਰਾਤ ਆਪਣੇ ਪੰਜ ਭੌਤਿਕ ਸਰੀਰ ਦਾ ਤਿਆਗ ਕਰਕੇ ਗੁਰੂ ਚਰਨਾਂ ਜਾ ਬਿਰਾਜੇ ਹਨ। ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਰਾੜਾ ਸਾਹਿਬ ਦੇ ਬਾਨੀ ਸੰਤ ਈਸ਼ਰ ਸਿੰਘ ਜੀ ਦੇ ਵੱਡੇ ਪੱਧਰ ਤੇ ਮਨਾਏ ਜਾ ਰਹੇ 50ਵੀਂ ਸਾਲਾਨਾ ਬਰਸੀ ਸਮਾਗਮ ਦੇ ਪਹਿਲੇ ਦਿਨ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਤਕਰੀਬਨ 11.30 ਵਜੇ ਰਾਤ ਅਰਾਮ ਕਰਨ ਲਈ ਆਪਣੇ ਕਮਰੇ ਵਿੱਚ ਗਏ ਸਨ।
ਕਰੀਬ ਰਾਤ 1 ਵਜੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਆਉਣ ਤੇ ਗੁਰਦੁਆਰਾ ਸਾਹਿਬ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਉਹਨਾਂ ਦੀ ਸਥਿਤੀ ਨਾਜ਼ੁਕ ਹੋਣ 'ਤੇ ਡਾਕਟਰਾਂ ਵੱਲੋਂ ਫੋਰਟੀਸ ਹਸਪਤਾਲ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ, ਪਰ ਰਾਹ ਵਿੱਚ ਹੀ ਉਨ੍ਹਾਂ ਸਰੀਰ ਦਾ ਤਿਆਗ ਕਰ ਦਿੱਤਾ।
ਮਹਾਪੁਰਸ਼ਾਂ ਦੇ ਨਿਧਨ ਕਾਰਨ ਪੂਰੇ ਇਲਾਕੇ ਵਿੱਚ ਸੋਗ ਛਾ ਗਿਆ। ਅੱਜ ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਜੀ ਦੀ ਦੇਹ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਹੈ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਦੁੱਖ ਦਾ ਪ੍ਰਗਟਾਵਾ
ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਅਕਾਲ ਚਲਾਣਾ ਕਰ ਜਾਣ 'ਤੇ ੜੂੰਗੀ ਸੰਵੇਦਨਾਵਾਂ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ, ਗੁਰਬਾਣੀ ਨਾਲ ਅਟੁੱਟ ਪ੍ਰੇਮ ਅਤੇ ਕੌਮ ਸੇਵਾ ਲਈ ਸਮਰਪਿਤ ਰਿਹਾ।
ਉਹ ਹਮੇਸ਼ਾ ਹੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਹਿਯੋਗ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਦਿੰਦੇ ਰਹੇ। ਉਨ੍ਹਾਂ ਵੱਲੋਂ ਤਿਆਰ ਕੀਤਾ ਗਿਆ ਗੁਰਬਾਣੀ ਦਾ ਸਾਫ਼ਟਵੇਅਰ ਈਸ਼ਰ ਮਾਈਕਰੋ ਮੀਡੀਆ ਦਾ ਵਿਸ਼ੇਸ਼ ਯੋਗਦਾਨ ਹੈ, ਜੋ ਸਿੱਖ ਕੌਮ ਲਈ ਇਕ ਅਨਮੋਲ ਖਜ਼ਾਨਾ ਹੈ। ਇਸ ਰਾਹੀਂ ਨਾ ਸਿਰਫ਼ ਵਿਦਵਾਨ ਅਤੇ ਖੋਜੀ, ਸਗੋਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਆਮ ਸਿੱਖ ਪਰਿਵਾਰ ਵੀ ਗੁਰਬਾਣੀ ਨਾਲ ਜੁੜੇ ਅਤੇ ਗੁਰਮਤਿ ਅਨੁਸਾਰ ਜੀਵਨ ਜਿਉਣ ਦੀ ਪ੍ਰੇਰਣਾ ਲੈ ਰਹੇ ਹਨ।
ਸ੍ਰੀ ਗੜਗੱਜ ਨੇ ਕਿਹਾ ਕਿ ਬਾਬਾ ਬਲਜਿੰਦਰ ਸਿੰਘ ਨੇ ਆਪਣੀ ਪੂਰੀ ਉਮਰ ਕੌਮ ਦੀ ਭਲਾਈ ਲਈ ਸਮਰਪਿਤ ਕੀਤੀ। ਉਨ੍ਹਾਂ ਦੀ ਨਿਮਰਤਾ, ਉੱਚ ਆਦਰਸ਼ਾਂ ਲਈ ਨਿਸ਼ਠਾ ਅਤੇ ਗੁਰਬਾਣੀ ਨਾਲ ਡੂੰਘਾ ਪਿਆਰ ਸਾਨੂੰ ਹਮੇਸ਼ਾ ਯਾਦ ਰਹੇਗਾ। ਉਹ ਸਿਰਫ਼ ਧਾਰਮਿਕ ਪ੍ਰਚਾਰਕ ਹੀ ਨਹੀਂ ਸਨ, ਸਗੋਂ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਸੰਗੀਤ, ਗੁਰਮਤਿ ਰਹਿਣੀ ਨਾਲ ਜੋੜਨ ਵਾਲੇ ਮਾਰਗਦਰਸ਼ਕ ਵੀ ਸਨ।
Advertisement
×