ਮਕਬੂਲਪੁਰਾ ਇਲਾਕੇ ਵਿੱਚ ਸਕੂਟਰ ’ਤੇ ਜਾ ਰਹੀ ਇੱਕ ਔਰਤ ਤੋਂ ਪਰਸ ਲੁੱਟਣ ਦੇ ਮਾਮਲੇ ’ਚ ਪੁਲੀਸ ਨੇ ਦੋ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਾਰਦਾਤ ਦੌਰਾਨ ਲੁਟੇਰਿਆਂ ਨੇ ਜਦੋਂ ਪੀੜਤਾ ਸੁਖਜੀਤ ਕੌਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਸੰਤੁਲਨ ਵਿਗੜਨ ਕਾਰਨ ਸਕੂਟਰੀ ਡਿੱਗ ਗਈ ਤੇ ਮਹਿਲਾ ਜ਼ਖ਼ਮੀ ਹੋ ਗਈ ਸੀ। ਲੁਟੇਰੇ ਮਹਿਲਾ ਦਾ ਪਰਸ ਲੈ ਕੇ ਫਰਾਰ ਹੋ ਗਏ, ਜਿਸ ਵਿੱਚ 1.20 ਲੱਖ ਰੁਪਏ ਦੀ ਨਕਦੀ, ਇੱਕ ਮੋਬਾਈਲ ਫੋਨ ਤੇ ਮਹੱਤਵਪੂਰਨ ਦਸਤਾਵੇਜ਼ ਸਨ। ਪੁਲੀਸ ਦੇ ਸਹਾਇਕ ਕਮਿਸ਼ਨਰ ਡਾ. ਸ਼ੀਤਲ ਸਿੰਘ ਨੇ ਕਿਹਾ ਕਿ ਸੀਸੀਟੀਵੀ ਫੁਟੇਜ਼ ਦੇ ਆਧਾਰ ’ਤੇ ਘਟਨਾ ਦੇ 24 ਘੰਟਿਆਂ ’ਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮਾਂ ਦੀ ਪਛਾਣ ਸਿਮਰਨਜੀਤ ਸਿੰਘ ਉਰਫ਼ ਲਾਡੀ ਅਤੇ ਪਲਵਿੰਦਰ ਸਿੰਘ ਉਰਫ਼ ਪਾਰਸ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 94,000 ਰੁਪਏ ਨਕਦ, ਮੋਬਾਈਲ ਫੋਨ ਅਤੇ ਦਸਤਾਵੇਜ਼ ਬਰਾਮਦ ਕੀਤੇ ਹਨ।