DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਧੋਪੁਰ ਹੈੱਡਵਰਕਸ ’ਤੇ ਰਾਵੀ ਦਰਿਆ ਦੇ ਪਾਣੀ ਨੇ ਮੁਹਾਣ ਬਦਲਿਆ

ਜੰਮੂ ਕਸ਼ਮੀਰ ਤੇ ਪੰਜਾਬ ਨੂੰ ਜੋਡ਼ਨ ਵਾਲੇ ਦੂਜੇ ਪੁਲ, ਨੈਸ਼ਨਲ ਹਾਈਵੇਅ ਅਤੇ ਇਮਾਰਤਾਂ ਨੂੰ ਖਤਰਾ
  • fb
  • twitter
  • whatsapp
  • whatsapp
featured-img featured-img
ਜੰਮੂ ਕਸ਼ਮੀਰ ਵਾਲੇ ਪਾਸੇ ਛੂਕਦਾ ਹੋਇਆ ਰਾਵੀ ਦਰਿਆ ਦਾ ਪਾਣੀ।
Advertisement
ਹਾਲ ਹੀ ਵਿੱਚ ਰਣਜੀਤ ਸਾਗਰ ਡੈਮ ਤੋਂ ਛੱਡੇ ਵਾਧੂ ਪਾਣੀ ਨੇ ਰਾਵੀ ਦਰਿਆ ਵਿੱਚ ਆਏ ਹੜ੍ਹਾਂ ਨਾਲ ਭਾਰੀ ਤਬਾਹੀ ਮਚਾਈ ਸੀ। ਪਾਣੀ ਨੇ ਮਾਧੋਪੁਰ ਹੈਡਵਰਕਸ ਵਿੱਚ ਤਿੰਨ ਗੇਟਾਂ ਨੂੰ ਵੀ ਤੋੜ ਦਿੱਤਾ ਅਤੇ ਉੱਥੇ ਹੈਡਵਰਕਸ ਦੀ ਇਮਾਰਤ ਵਿੱਚ ਵੀ ਪਾਣੀ ਦਾਖਲ ਹੋ ਗਿਆ। ਇਕੱਲਾ ਇਹੀ ਨਹੀਂ ਡੈਮ ਤੋਂ ਛੱਡਿਆ ਇਹ ਪਾਣੀ ਮਾਧੋਪੁਰ ਹੈਡਵਰਕਸ ਵਿਖੇ ਇੰਨੀ ਤੇਜ਼ ਰਫਤਾਰ ਨਾਲ ਆਇਆ ਕਿ ਇਸ ਨੇ ਆਪਣਾ ਮੁਹਾਣ ਬਦਲ ਲਿਆ ਅਤੇ ਜੰਮੂ ਕਸ਼ਮੀਰ ਵਾਲੇ ਪਾਸੇ ਕਸ਼ਮੀਰ ਕਨਾਲ ਨੂੰ ਤੋੜ ਕੇ ਉਥੇ ਬਣੇ ਹੋਏ ਜੰਮੂ ਕਸ਼ਮੀਰ ਤੇ ਪੰਜਾਬ ਨੂੰ ਜੋੜਨ ਵਾਲੇ ਪੁਲ ਨੂੰ ਢਾਹ ਲਾ ਦਿੱਤੀ ਅਤੇ ਪੁਲ ਦਾ ਇੱਕ ਹਿੱਸਾ ਢੇਰੀ ਹੋ ਗਿਆ ਜਿਸ ਨਾਲ ਇਸ ਪੁਲ ਉੱਪਰੋਂ ਟਰੈਫਿਕ ਨੂੰ ਬੰਦ ਕਰਨਾ ਪਿਆ।

ਹੁਣ ਹੈੱਡਵਰਕਸ ਵਿੱਚ ਡੈਮ ਤਰਫੋਂ ਆ ਰਿਹਾ ਅੱਧਾ ਪਾਣੀ ਤਾਂ ਜੰਮੂ ਕਸ਼ਮੀਰ ਵਾਲੇ ਪਾਸੇ ਲਾਈ ਢਾਹ ਵਾਲੇ ਪਾਸਿਓਂ ਲੰਘ ਰਿਹਾ ਹੈ ਜਦ ਕਿ ਬਾਕੀ ਅੱਧਾ ਪਾਣੀ ਪੰਜਾਬ ਵਾਲੇ ਪਾਸੇ ਹੈੱਡਵਰਕਸ ਦੇ ਗੇਟਾਂ ਵਿੱਚੋਂ ਲੰਘ ਰਿਹਾ ਹੈ।

Advertisement

ਇਮਾਰਤਾਂ ਅਤੇ ਪੁਲ ਨੂੰ ਰੁੜ੍ਹਣ ਤੋਂ ਬਚਾਉਣ ਲਈ ਪਾਏ ਜਾ ਰਹੇ ਪੱਥਰਾਂ ਦੇ ਕਰੇਟ।

ਜੰਮੂ ਕਸ਼ਮੀਰ ਵਾਲੇ ਪਾਸੇ ਲੱਗੀ ਢਾਹ ਦੇ ਪਾਣੀ ਨੇ ਉੱਥੇ ਜੰਮੂ ਕਸ਼ਮੀਰ ਦੀ ਬਣੀ ਹੋਈ ਪਸ਼ੂ ਪਾਲਣ ਵਿਭਾਗ ਦੀ ਇਮਾਰਤ ਅਤੇ ਟੌਲ ਟੈਕਸ ਵਾਲੀ ਇਮਾਰਤ ਨੂੰ ਵੀ ਖਤਰਾ ਖੜ੍ਹਾ ਕਰ ਦਿੱਤਾ ਹੈ। ਇਕੱਲਾ ਇਹੀ ਨਹੀਂ ਉੱਥੇ ਜੰਮੂ ਕਸ਼ਮੀਰ ਤੇ ਪੰਜਾਬ ਨੂੰ ਲਿੰਕ ਕਰਨ ਵਾਲਾ ਦੂਜਾ ਪੁਲ ਜਿਸ ਤੋਂ ਅੱਜ ਕੱਲ੍ਹ ਟਰੈਫਿਕ ਚੱਲ ਰਿਹਾ ਹੈ, ਵੀ ਅਤੇ ਨੈਸ਼ਨਲ ਹਾਈਵੇਅ ਵੀ ਖਤਰੇ ਹੇਠ ਆ ਗਿਆ ਹੈ।

ਰੁੜ੍ਹਣ ਦੇ ਖਤਰੇ ਨੂੰ ਦੇਖਦਿਆਂ ਕਠੂਆ ਦੇ ਪ੍ਰਸ਼ਾਸਨ ਅਤੇ ਜ਼ਿਲ੍ਹਾ ਪਠਾਨਕੋਟ ਦੇ ਪ੍ਰਸ਼ਾਸਨ ਨੇ ਸਾਂਝੇ ਤੌਰ ’ਤੇ ਦੌਰਾ ਕਰਕੇ ਮੌਕਾ ਦੇਖਿਆ ਅਤੇ ਤੁਰੰਤ ਫ਼ੈਸਲਾ ਕੀਤਾ ਕਿ ਇਨ੍ਹਾਂ ਇਮਾਰਤਾਂ, ਪੁਲ ਤੇ ਨੈਸ਼ਨਲ ਹਾਈਵੇਅ ਨੂੰ ਬਚਾਇਆ ਜਾਵੇ। ਇਸ ਕਰਕੇ ਹੈੱਡਵਰਕਸ ਦੇ ਇੰਜਨੀਅਰਾਂ ਨੇ ਉਥੇ ਪੱਥਰਾਂ ਦੇ ਕਰੇਟ ਪਾਉਣੇ ਸ਼ੁਰੂ ਕਰ ਦਿੱਤੇ ਹਨ ਤੇ ਇਸ ਕੰਮ ਨੂੰ ਜੰਗੀ ਪੱਧਰ ’ਤੇ ਕਰਵਾਇਆ ਜਾ ਰਿਹਾ ਹੈ। ਉਥੇ ਮੌਜੂਦ ਯੂਬੀਡੀਸੀ ਵਿਭਾਗ ਦੇ ਐੱਸਈ ਗੁਰਪਿੰਦਰ ਸਿੰਘ ਸੰਧੂ ਅਤੇ ਐਕਸੀਅਨ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਰਾਵੀ ਦਰਿਆ ਦਾ ਤੇਜ਼ ਰਫਤਾਰ ਪਾਣੀ ਬਹੁਤ ਤੇਜ਼ੀ ਨਾਲ ਇਮਾਰਤਾਂ ਨੂੰ ਢਾਹ ਲਾ ਰਿਹਾ ਹੈ ਜਿਸ ਨਾਲ ਕਿਸੇ ਵੀ ਵੇਲੇ ਇਹ ਇਮਾਰਤਾਂ, ਦੂਜਾ ਬਚਿਆ ਪੁਲ ਤੇ ਨੈਸ਼ਨਲ ਹਾਈਵੇਅ ਰਾਵੀ ਦਰਿਆ ਦੀ ਭੇਟ ਚੜ੍ਹ ਸਕਦੇ ਹਨ। ਇਸ ਕਰਕੇ ਇੱਥੇ ਦਰਿਆ ਵਿੱਚ ਕਰੇਟ ਪਾਏ ਜਾ ਰਹੇ ਹਨ ਅਤੇ ਕਰੀਬ 900 ਫੁੱਟ ਲੰਬਾਈ ਵਿੱਚ ਇਹ ਕਰੇਟ ਬੰਨ੍ਹੇ ਜਾਣਗੇ। ਉਨ੍ਹਾਂ ਅਨੁਸਾਰ 4-5 ਕਰੋੜ ਰੁਪਏ ਦਾ ਇਸ ਉਪਰ ਖਰਚਾ ਆਵੇਗਾ।

ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਦੱਸਿਆ ਕਿ ਕਠੂਆ ਅਤੇ ਪਠਾਨਕੋਟ ਪ੍ਰਸ਼ਾਸਨ ਨੇ ਸਾਂਝੇ ਤੌਰ ’ਤੇ ਪਹੁੰਚ ਕੇ ਸਥਿਤੀ ਦਾ ਚੰਗੀ ਤਰ੍ਹਾਂ ਮੁਆਇਨਾ ਕੀਤਾ ਹੈ ਅਤੇ ਹੁਣ ਉਹ ਇਹ ਯਕੀਨੀ ਬਣਾ ਰਹੇ ਹਨ ਕਿ ਭਵਿੱਖ ਵਿੱਚ ਅਜਿਹੀਆਂ ਆਫ਼ਤਾਂ ਨੂੰ ਰੋਕਿਆ ਜਾ ਸਕੇ, ਇਸ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ। ਉਨ੍ਹਾਂ ਦੱਸਿਆ ਕਿ ਰਾਵੀ ਦਰਿਆ ਵਿੱਚ ਪਾਣੀ ਦੇ ਪੱਧਰ ਵਿੱਚ ਅਚਾਨਕ ਵਾਧੇ ਕਾਰਨ ਸੜਕਾਂ, ਪੁਲ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ, ਪਰ ਰਾਹਤ ਕਾਰਜ ਤੇਜ਼ੀ ਨਾਲ ਕੀਤੇ ਜਾ ਰਹੇ ਹਨ।

Advertisement
×