DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਜਸਥਾਨ:ਅੰਮ੍ਰਿਤਧਾਰੀ ਉਮੀਦਵਾਰਾਂ ਨੂੰ ਦਾਖਲਾ ਨਾ ਦੇਣਾ ਸਿੱਖਾਂ ਪ੍ਰਤੀ ਨਫ਼ਰਤੀ ਵਿਤਕਰਾ:ਜਥੇਦਾਰ ਗੜਗੱਜ

ਵੱਖਰੀ ਪਛਾਣ ਅਤੇ ਧਾਰਮਿਕ ਅਕੀਦਿਆਂ ਕਾਰਨ ਜਾਣਬੁੱਝ ਸਿੱਖਾਂ ਨੁੂੰ ਕੀਤਾ ਜਾ ਰਿਹਾ ਪ੍ਰੇਸ਼ਾਨ: ਜਥੇਦਾਰ
  • fb
  • twitter
  • whatsapp
  • whatsapp
Advertisement

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜੈਪੁਰ ਵਿੱਚ ਰਾਜਸਥਾਨ ਹਾਈ ਕੋਰਟ (ਜੋਧਪੁਰ) ਦੀ ਸਿਵਲ ਜੱਜ ਦੀ ਭਰਤੀ ਦਾ ਇਮਤਿਹਾਨ ਦੇਣ ਗਈ ਅੰਮ੍ਰਿਤਧਾਰੀ ਉਮੀਦਵਾਰ ਗੁਰਪ੍ਰੀਤ ਕੌਰ ਨੂੰ ਕਿਰਪਾਨ ਪਾਉਣ ਕਰਕੇ ਦਾਖ਼ਲਾ ਨਾ ਦੇਣ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤੀ ਸੰਵਿਧਾਨ ਦੀ ਵੱਡੀ ਉਲੰਘਣਾ ਹੈ ਅਤੇ ਸਿੱਖਾਂ ਵਿਰੁੱਧ ਨਫ਼ਰਤੀ ਵਿਤਕਰਾ ਹੈ। ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵੱਲੋਂ ਇਹ ਮਾਮਲਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਕੋਲ ਵੀ ਰੱਖਿਆ ਗਿਆ ਹੈ।

ਜਥੇਦਾਰ ਨੇ ਇਸ ਮਾਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਰਾਜਸਥਾਨ ਦੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਸਵਾਲ ਕੀਤਾ ਕਿ ਆਪਣੇ ਆਪ ਨੂੰ ਸਿੱਖ ਹਿਤੈਸ਼ੀ ਦੱਸਣ ਵਾਲੀ ਭਾਜਪਾ ਦੱਸੇ ਕਿ ਉਹ ਕਿਵੇਂ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੁਨੀਆ ਅੰਦਰ ਕਿਸ ਨੂੰ ਨਹੀਂ ਪਤਾ ਕਿ ਅੰਮ੍ਰਿਤਧਾਰੀ ਸਿੱਖ ਕਕਾਰ ਵਜੋਂ ਕਿਰਪਾਨ ਪਾਉਂਦੇ ਹਨ ਪਰ ਦੇਸ਼ ਅੰਦਰ ਵਾਰ-ਵਾਰ ਸਿੱਖਾਂ ਨੂੰ ਉਨ੍ਹਾਂ ਦੀ ਵੱਖਰੀ ਪਛਾਣ ਅਤੇ ਧਾਰਮਿਕ ਅਕੀਦਿਆਂ ਕਾਰਨ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

Advertisement

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਰਾਜਸਥਾਨ ਹਾਈ ਕੋਰਟ ਦੇ ਸਿਵਲ ਜੱਜ ਦੀ ਭਰਤੀ ਵੇਲੇ ਸਿੱਖਾਂ ਨਾਲ ਵਿਤਕਰੇ ਦੇ ਮਾਮਲੇ ਜੈਪੁਰ ਤੇ ਜੋਧਪੁਰ ਤੋਂ ਸਾਹਮਣੇ ਆਏ ਸਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਸਿੱਖ ਸੰਸਥਾਵਾਂ ਨੇ ਇਸ ਸਬੰਧੀ ਸਰਕਾਰ ਨਾਲ ਲਿਖਾ-ਪੜ੍ਹੀ ਵੀ ਕੀਤੀ ਸੀ। ਇਸ ਦੇ ਬਾਵਜੂਦ ਇਸ ਸਾਲ ਫਿਰ ਅੰਮ੍ਰਿਤਧਾਰੀ ਸਿੱਖ ਉਮੀਦਵਾਰਾਂ ਨੂੰ ਇਮਤਿਹਾਨ ਵਿੱਚ ਦਾਖਲੇ ਤੋਂ ਰੋਕਿਆ ਗਿਆ ਹੈ। ਭਾਰਤੀ ਸੰਵਿਧਾਨ ਦੀ ਧਾਰਾ 25 ਦੀ ਵਿਆਖਿਆ 1 ਵਿੱਚ ਸਪੱਸ਼ਟ ਦਰਜ ਹੈ ਕਿ ਸਿੱਖ ਧਰਮ ਵਿੱਚ ਕਿਰਪਾਨ ਧਾਰਨ ਕਰ ਸਕਦੇ ਹਨ। ਇਸ ਦੇ ਬਾਵਜੂਦ ਸੰਵਿਧਾਨ ਦੀ ਰਾਖੀ ਕਰਨ ਵਾਲੀ ਅਦਾਲਤ ਦੀ ਪ੍ਰੀਖਿਆ ਵਿੱਚ ਹੀ ਸਿੱਖਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।

ਜਥੇਦਾਰ ਨੇ ਕਿ ਕਿਹਾ ਅੱਜ ਜਦੋਂ ਤਿਲਕ ਤੇ ਜੰਞੂ ਦੇ ਰਾਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਸਰਕਾਰਾਂ ਇਸ ਨੂੰ ਸਮਰਪਿਤ ਸਮਾਗਮ ਕਰਵਾਉਣ ਦੇ ਦਾਅਵੇ ਕਰ ਰਹੀਆਂ ਹਨ ਤਾਂ ਉੱਥੇ ਹੀ ਦੇਸ਼ ਅੰਦਰ ਉਨ੍ਹਾਂ ਦੇ ਸਿੱਖਾਂ ਦੇ ਕਕਾਰਾਂ ਉੱਤੇ ਸਵਾਲ ਚੁੱਕੇ ਜਾ ਰਹੇ ਹਨ। ਉਨਾ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਕਿ ਤਾਜ਼ਾ ਮਾਮਲੇ ਅਤੇ ਪਿਛਲੇ ਮਾਮਲਿਆਂ ਨੂੰ ਲੈ ਕੇ ਤੁਰੰਤ ਹੀ ਇੱਕ ਉੱਚ ਪੱਧਰੀ ਸਾਂਝਾ ਵਫ਼ਦ ਤਿਆਰ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰਾਜਸਥਾਨ ਦੇ ਮੁੱਖ ਮੰਤਰੀ ਅਤੇ ਰਾਜਸਥਾਨ ਹਾਈ ਕੋਰਟ ਦੇ ਰਜਿਸਟਰਾਰ ਨਾਲ ਮੁਲਾਕਾਤ ਕਰਕੇ ਇਸ ਵਿਤਕਰੇ ਦੇ ਵਿਰੁੱਧ ਸਖ਼ਤ ਇਤਰਾਜ਼ ਦਰਜ ਕਰਵਾ ਕੇ ਇਸ ਨੂੰ ਹਮੇਸ਼ਾ ਲਈ ਠੱਲ੍ਹਿਆ ਜਾਵੇ।

ਉੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ 'ਤੇ ਸਖ਼ਤ ਨੋਟਿਸ ਲੈਂਦਿਆ ਰਾਸਜਥਾਨ ਸਰਕਾਰ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ।

ਜ਼ਿਕਰਯੋਗ ਹੈ ਕਿ ਇਹ ਮਾਮਲਾ ਸਾਹਮਣੇ ਆਉਂਦੇ ਹੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰੀ ਵੱਲੋਂ ਇਸ ਸਬੰਧੀ ਵੇਰਵੇ ਭਾਰਤ ਸਰਕਾਰ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਆਗੂ ਇਕਬਾਲ ਸਿੰਘ ਲਾਲਪੁਰਾ ਨਾਲ ਵੀ ਸਾਂਝੇ ਕੀਤੇ ਗਏ, ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਕਮਿਸ਼ਨ ਵੱਲੋਂ ਪਹਿਲਾਂ ਹੀ ਇਹ ਆਦੇਸ਼ ਜਾਰੀ ਕੀਤੇ ਹੋਏ ਹਨ ਕਿ ਅੰਮ੍ਰਿਤਧਾਰੀ ਸਿੱਖ ਉਮੀਦਵਾਰ ਮੁਕਾਬਲਾ ਇਮਤਿਹਾਨਾਂ ਵਿੱਚ ਆਪਣੀ ਕਿਰਪਾਨ ਸਮੇਤ ਦਾਖਲਾ ਕਰ ਸਕਦੇ ਹਨ। ਉਨ੍ਹਾਂ ਭਰੋਸਾ ਦਿੱਤਾ ਹੈ ਕਿ ਉਹ ਇਹ ਤਾਜ਼ਾ ਮਾਮਲਾ ਵੀ ਰਾਜਸਥਾਨ ਹਾਈ ਕੋਰਟ ਦੇ ਰਜਿਸਟਰਾਰ ਦੇ ਕੋਲ ਚੁੱਕਣਗੇ।

Advertisement
×