Punjab News - War Against Drugs: ਪੁਲੀਸ ਵੱਲੋਂ ਪਿੰਡ ਦੇਵੀਦਾਸਪੁਰਾ ਵਿਚੋਂ 23 ਕਿਲੋ ਹੈਰੋਇਨ ਬਰਾਮਦ
DGP ਗੌਰਵ ਯਾਦਵ ਨੇ ਦਿੱਤੀ ਜਾਣਕਾਰੀ; ਮਾਮਲੇ ਵਿਚ ਨਾਮਜ਼ਦ ਮੁਲਜ਼ਮ ਸਾਹਿਲਪ੍ਰੀਤ ਉਰਫ਼ ਕਰਨ ਫ਼ਰਾਰ, ਪੁਲੀਸ ਵੱਲੋਂ ਮੁਲਜ਼ਮ ਨੂੰ ਫੜਨ ਲਈ ਕੀਤੀ ਜਾ ਰਹੀ ਹੈ ਛਾਪੇਮਾਰੀ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 5 ਮਾਰਚ
Punjab News - War Against Drugs: ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲੀਸ ਨੇ ਜੰਡਿਆਲਾ ਹਲਕੇ ਦੇ ਪਿੰਡ ਦੇਵੀਦਾਸਪੁਰਾ ਵਿੱਚੋਂ 23 ਕਿਲੋ ਹੈਰੋਇਨ ਦੀ ਇੱਕ ਖੇਪ ਬਰਾਮਦ ਕੀਤੀ। ਇਸ ਦਾ ਖੁਲਾਸਾ ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਨੇ ਕੀਤਾ ਹੈ।
ਡੀਜੀਪੀ ਯਾਦਵ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਸਬੰਧ ਅਮਰੀਕਾ ਅਧਾਰਤ ਤਸਕਰ ਜਸਮੀਤ ਸਿੰਘ ਉਰਫ ਲੱਕੀ ਨਾਲ ਜੁੜਿਆ ਹੋਇਆ ਹੈ। ਉਸ ਖਿਲਾਫ ਪਹਿਲਾਂ ਵੀ ਕਈ ਕੇਸ ਦਰਜ ਹਨ।
ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਨੇ ਇਥੇ ਪ੍ਰੈਸ ਕਾਨਫਰੰਸ ਵਿੱਚ ਇਸ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਨੇ ਸਾਹਿਲਪ੍ਰੀਤ ਸਿੰਘ ਉਰਫ ਕਰਨ ਵਾਸੀ ਪਿੰਡ ਦੇਵੀਦਾਸਪੁਰਾ ਨੂੰ ਨਾਮਸ਼ਦ ਕੀਤਾ ਹੈ, ਜੋ ਕਿ ਫਿਲਹਾਲ ਭੱਜਿਆ ਹੋਇਆ ਹੈ। ਪੁਲੀਸ ਉਸ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।
In a major blow to trans-border smuggling, Amritsar Rural Police has successfully recovered 23 Kg Heroin from village Devi Daspura, Jandiala. The consignment is linked to a smuggling network operated by #USA-based smuggler Jasmit Singh @ Lucky.
In this case, Sahilpreet Singh @… pic.twitter.com/zv8BnT4mI7
— DGP Punjab Police (@DGPPunjabPolice) March 5, 2025
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਦਿਹਾਤੀ ਪੁਲੀਸ ਨੂੰ ਇਸ ਸਬੰਧੀ ਸੂਹ ਮਿਲੀ ਸੀ ਜਿਸ ਦੇ ਆਧਾਰ ’ਤੇ ਐਸਐਸਪੀ ਮਨਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਉਸ ਦੇ ਘਰ ਵਿੱਚੋਂ 23 ਕਿਲੋ ਹੈਰੋਇਨ ਦੀ ਇਹ ਖੇਪ ਬਰਾਮਦ ਕੀਤੀ ਹੈ, ਜੋ ਉਸਨੇ ਘਰ ਵਿੱਚ ਲੁਕਾਈ ਹੋਈ ਸੀ। ਉਨ੍ਹਾਂ ਖੁਲਾਸਾ ਕੀਤਾ ਕਿ ਅਮਰੀਕਾ ਵਿੱਚ ਬੈਠਾ ਇਹ ਤਸਕਰ ਜਸਮੀਤ ਸਿੰਘ ਉਰਫ ਲੱਕੀ ਸਰਹੱਦ ਪਾਰੋਂ ਇਹ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦਾ ਸੀ, ਜਿਸ ਨੂੰ ਪ੍ਰਾਪਤ ਕਰਕੇ ਅਗਾਂਹ ਸਪਲਾਈ ਕਰਨ ਦਾ ਕੰਮ ਕਰਨ ਵੱਲੋਂ ਕੀਤਾ ਜਾ ਰਿਹਾ ਸੀ।
ਉਸ ਵੱਲੋਂ ਹੀ ਰਕਮ ਇਕੱਠੀ ਕਰਕੇ ਅਗਾਂਹ ਭੇਜੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਪੁਲੀਸ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਕਰ ਰਹੀ ਹੈ।