Punjab News: ਬੀਐਸਐਫ ਤੇ ਏਐਨਟੀਐਫ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ ਅਸਲੇ ਸਣੇ ਦੋ ਤਸਕਰ ਕਾਬੂ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਜੂਨ
ਬੀਐਸਐਫ ਅਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਅੰਮ੍ਰਿਤਸਰ ਨੇ ਇੱਕ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਦੋ ਪਿਸਤੌਲ ਬਰਾਮਦ ਕੀਤੇ ਹਨ। ਉਨ੍ਹਾਂ ਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ, ਜਿਸ ’ਤੇ ਉਹ ਸਵਾਰ ਸਨ।
ਬੀਐਸਐਫ (Border Security Force - BSF) ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਂਝਾ ਅਪਰੇਸ਼ਨ ਡੇਰਾ ਬਾਬਾ ਨਾਨਕ ਅਤੇ ਫਤਿਹਗੜ੍ਹ ਚੂੜੀਆਂ ਰੋਡ ਦੇ ਨਾਲ ਲੱਗਦੇ ਇਲਾਕੇ ਵਿੱਚ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਬੀਐਸਐਫ ਨੂੰ ਖੁਫੀਆ ਜਾਣਕਾਰੀ ਪ੍ਰਾਪਤ ਹੋਈ ਸੀ ਕਿ ਸਰਹੱਦੀ ਖੇਤਰ ਵਿੱਚ ਸ਼ੱਕੀ ਵਿਅਕਤੀਆਂ ਵੱਲੋਂ ਤਸਕਰੀ ਨਾਲ ਸਬੰਧਿਤ ਕੋਈ ਕਾਰਵਾਈ ਕੀਤੀ ਗਈ ਹੈ।
ਬੀਐਸਐਫ ਅਤੇ ਏਐਨਟੀਐਫ (Anti-Narcotics Task Force - ANTF) ਦੀ ਸਾਂਝੀ ਟੀਮ ਨੇ ਇਸ ਮਾਮਲੇ ਵਿੱਚ ਗਤੀਵਿਧੀਆਂ ਨੂੰ ਟਰੈਕ ਕੀਤਾ ਅਤੇ ਨਤੀਜੇ ਵਜੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮਾਂ ਦੇ ਕੋਲੋਂ ਦੋ ਪਿਸਤੌਲ ਬਰਾਮਦ ਹੋਏ ਹਨ।
ਉਨ੍ਹਾਂ ਦੱਸਿਆ ਕਿ ਫੜੇ ਗਏ ਦੋਵੇਂ ਵਿਅਕਤੀ ਤਰਨ ਤਾਰਨ ਜ਼ਿਲ੍ਹੇ ਦੇ ਵਸਨੀਕ ਹਨ। ਉਨ੍ਹਾਂ ਕੋਲੋਂ ਪੁੱਛਗਿਛ ਕਰ ਕੇ ਪਤਾ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਸਬੰਧ ਕਿਸ-ਕਿਸ ਦੇ ਨਾਲ ਹਨ ਅਤੇ ਉਨ੍ਹਾਂ ਦਾ ਮੰਤਵ ਕੀ ਸੀ। ਇਸ ਸਬੰਧ ਵਿੱਚ ਜਾਂਚ ਜਾਰੀ ਹੈ।
ਬੀਐਸਐਫ ਦੇ ਅਧਿਕਾਰੀ ਨੇ ਆਖਿਆ ਕਿ ਚੌਕਸੀ ਅਤੇ ਤੇਜ਼ੀ ਨਾਲ ਕੀਤੀ ਕਾਰਵਾਈ ਦੌਰਾਨ ਬੀਐਸਐਫ ਅਤੇ ਏਐਨਟੀਐਫ ਨੇ ਰਾਸ਼ਟਰ ਵਿਰੋਧੀ ਤੱਤਾਂ ਦੀ ਨਪਾਕ ਯੋਜਨਾ ਨੂੰ ਨਾਕਾਮ ਕਰ ਦਿੱਤਾ ਹੈ।