Punjab News: BSF ਅਤੇ ANTF ਅੰਮ੍ਰਿਤਸਰ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਦੋ ਨਸ਼ਾ ਤਸਕਰ ਕਾਬੂ
ਸਾਂਝੇ ਅਪਰੇਸ਼ਨ ਰਾਹੀਂ ਪਾਕਿਸਤਾਨ ਪਾਸਿਉਂ ਮੁਲਕ ਵਿਚ ਨਸ਼ੇ ਦੀ ਸਪਲਾਈ ਦੀ ਕੋਸ਼ਿਸ਼ ਨਾਕਾਮ; ਮੁਲਜ਼ਮਾਂ ਕੋਲੋਂ ਦੋ ਪੈਕੇਟਾਂ ਵਿਚ 1.100 ਕਿਲੋ ਹੈਰੋਇਨ ਬਰਾਮਦ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਫਰਵਰੀ
ਬੀਐਸਐਫ (BSF) ਅਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਅੰਮ੍ਰਿਤਸਰ ਨੇ ਇੱਕ ਸਾਂਝੇ ਆਪਰੇਸ਼ਨ ਦੌਰਾਨ ਬੀਤੀ ਰਾਤ ਸਰਹੱਦੀ ਖੇਤਰ ਵਿੱਚੋਂ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਕੋਲੋਂ ਦੋ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਇਹ ਜਾਣਕਾਰੀ ਬੀਐਸਐਫ ਦੇ ਅਧਿਕਾਰੀਆਂ ਨੇ ਦਿੱਤੀ ਹੈ।
ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐਫ ਦੇ ਖੁਫੀਆ ਵਿਭਾਗ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਸ਼ੱਕੀ ਵਿਅਕਤੀਆਂ ਵੱਲੋਂ ਸਰਹੱਦ ’ਤੇ ਨਸ਼ਾ ਤਸਕਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਆਧਾਰ ’ਤੇ ਬੀਐਸਐਫ ਅਤੇ ਏਐਨਟੀਐਫ ਦੋਵਾਂ ਨੇ ਰਲ ਕੇ ਸਾਂਝਾ ਆਪਰੇਸ਼ਨ ਕੀਤਾ।
ਉਨ੍ਹਾਂ ਦੱਸਿਆ ਕਿ ਰਾਤ ਲਗਭਗ 10 ਵਜੇ ਤੋਂ ਬਾਅਦ ਸਾਂਝੀ ਟੀਮ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪਿੰਡ ਛੋਟਾ ਫਤਿਹਵਾਲ ਵਿੱਚ ਨਾਕਾ ਲਾਇਆ ਸੀ। ਜਿੱਥੇ ਦੋ ਵਿਅਕਤੀਆਂ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ ਦੋ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ, ਜਿਸ ਵਿੱਚ ਲਗਭਗ ਇਕ ਕਿਲੋ 100 ਗ੍ਰਾਮ ਨਸ਼ੀਲਾ ਪਦਾਰਥ ਹੈ।
ਉਨ੍ਹਾਂ ਦਾ ਇੱਕ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ। ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਇਹ ਦੋਵੇਂ ਸ਼ੱਕੀ ਵਿਅਕਤੀ ਅਜਨਾਲਾ ਪੁਲੀਸ ਥਾਣੇ ਹੇਠ ਆਉਂਦੇ ਪਿੰਡ ਸਾਰੰਗ ਦੇਵ ਦੇ ਵਾਸੀ ਹਨ। ਫਿਲਹਾਲ ਉਨ੍ਹਾਂ ਨੂੰ ਏਐਨਟੀਐਫ ਦੇ ਹਵਾਲੇ ਕੀਤਾ ਗਿਆ ਹੈ ਅਤੇ ਪੁੱਛਗਿਛ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਬੀਐਸਐਫ ਵੱਲੋਂ ਪੰਜਾਬ ਪੁਲੀਸ ਦੇ ਸਹਿਯੋਗ ਨਾਲ ਸਮੇਂ ਸਿਰ ਕੀਤੀ ਗਈ ਕਾਰਵਾਈ ਦੇ ਤਹਿਤ ਪਾਕਿਸਤਾਨ ਵਾਲੇ ਪਾਸਿਓਂ ਨਸ਼ਾ ਤਸਕਰੀ ਦਾ ਇਹ ਯਤਨ ਅਸਫਲ ਬਣਾ ਦਿੱਤਾ ਗਿਆ ਹੈ।