ਹਤਿੰਦਰ ਮਹਿਤਾ
ਜਲੰਧਰ, 27 ਫਰਵਰੀ
ਸਥਾਨਕ ਈਦਗਾਹ ਇਲਾਕੇ ’ਚ ਬਿਜਲੀ ਦਾ ਕਰੰਟ ਲੱਗਣ ਕਾਰਨ 10 ਸਾਲਾ ਬੱਚੇ ਦਾਨਿਸ਼ ਦੀ ਮੌਤ ਹੋ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਬੱਚਾ ਛੱਤ ’ਤੇ ਪਤੰਗ ਉਡਾ ਰਿਹਾ ਸੀ ਅਤੇ ਉਸ ਦੀ ਪਤੰਗ ਹਾਈ ਟੈਂਸ਼ਨ ਤਾਰਾਂ ’ਚ ਫਸ ਗਈ। ਪਤੰਗ ਕੱਢਣ ਦੀ ਕੋਸ਼ਿਸ਼ ਦੌਰਾਨ ਦਾਨਿਸ਼ ਨੇ ਅਚਾਨਕ ਬਿਜਲੀ ਦੀ ਤਾਰ ਨੂੰ ਛੂਹ ਲਿਆ, ਜਿਸ ਕਾਰਨ ਉਸ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ ਅਤੇ ਉਹ ਬੁਰੀ ਤਰ੍ਹਾਂ ਨਾਲ ਝੁਲਸ ਗਿਆ।
ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਗੜ੍ਹਾ ਦੇ ਐਸਜੀਐਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ।
ਮੌਕੇ ’ਤੇ ਮੌਜੂਦ ਗੁਆਂਢੀ ਸੋਮਨਾਥ ਨੇ ਦੱਸਿਆ ਕਿ ਦਾਨਿਸ਼ ਲੋਹੇ ਦੀ ਪਾਈਪ ਦੀ ਮਦਦ ਨਾਲ ਪਤੰਗ ਉਡਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਹਾਈ ਟੈਨਸ਼ਨ ਤਾਰ ਨਾਲ ਟਕਰਾ ਗਿਆ। ਬਿਜਲੀ ਦਾ ਕਰੰਟ ਲੱਗਦੇ ਹੀ ਉਹ ਛੱਤ ਤੋਂ ਹੇਠਾਂ ਡਿੱਗ ਗਿਆ। ਉਸ ਨੇ ਦੱਸਿਆ ਕਿ ਉਹ ਖੁਦ ਨੇੜੇ ਹੀ ਬੈਠਾ ਸੀ ਅਤੇ ਦਾਨਿਸ਼ ਨੂੰ ਕਈ ਵਾਰ ਅਜਿਹਾ ਨਾ ਕਰਨ ਦੀ ਚਿਤਾਵਨੀ ਦਿੱਤੀ ਸੀ ਪਰ ਉਸ ਨੇ ਗੱਲ ਨਹੀਂ ਮੰਨੀ ਅਤੇ ਉਹ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ।
ਇਲਾਕੇ ਦੇ ਸਾਬਕਾ ਕੌਂਸਲਰ ਪਾਲੀ ਨੇ ਕਿਹਾ ਕਿ ਪਾਵਰਕੌਮ ਨੂੰ ਇਨ੍ਹਾਂ ਹਾਈ ਟੈਨਸ਼ਨ ਤਾਰਾਂ ਨੂੰ ਘਰਾਂ ਤੋਂ ਦੂਰ ਰੱਖਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਸਥਾਨਕ ਲੋਕਾਂ ਨੇ ਵੀ ਰਿਹਾਇਸ਼ੀ ਇਲਾਕਿਆਂ ਵਿੱਚੋਂ ਹਾਈ ਟੈਨਸ਼ਨ ਤਾਰਾਂ ਹਟਾਉਣ ਦੀ ਮੰਗ ਕੀਤੀ ਹੈ।