Punjab News - Sri Akal Takhat: ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਸਮੂਹ ਸਿੱਖ ਜਥੇਬੰਦੀਆਂ ਇਕਜੁੱਟ ਹੋਣ: ਜਥੇਦਾਰ ਗੜਗੱਜ
Punjab News - Sri Akal Takhat:
ਜਥੇਦਾਰ ਨੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਸਮੇਤ ਹੋਰ ਸਿੱਖ ਸ਼ਖ਼ਸੀਅਤਾਂ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਕੇ ਆਪਣਾ ਪੱਖ ਰੱਖਣ ਦਾ ਦਿੱਤਾ ਸੱਦਾ; ਸਿੱਖ ਇਤਿਹਾਸ ਨਾਲ ਸਬੰਧਤ ਫਿਲਮਾਂ/ਐਨੀਮੇਸ਼ਨ ਫਿਲਮਾਂ ਦੇ ਮੁੱਦੇ ’ਤੇ ਮੀਟਿੰਗ 2 ਨੂੰ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਅਪਰੈਲ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮੂਹ ਸਿੱਖ ਜਥੇਬੰਦੀਆਂ ਨੂੰ ਸੱਦਾ ਦਿੱਤਾ ਕਿ ਸਿੱਖੀ ਧਰਮ ਦੀ ਪ੍ਰਚਾਰ ਲਹਿਰ ਨੂੰ ਤਿੱਖਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲ, ਨਿਹੰਗ ਸਿੰਘ ਦਲ, ਸਿੱਖ ਜਥੇਬੰਦੀਆਂ, ਮਿਸ਼ਨਰੀ ਕਾਲਜ, ਸੰਸਥਾਵਾਂ ਤੇ ਪ੍ਰਚਾਰਕ ਇੱਕਜੁੱਟਤਾ ਨਾਲ ਅਗਾਂਹ ਵਧਣ ਲਈ ਅੱਗੇ ਆਉਣ।
ਅੱਜ ਸਕੱਤਰੇਤ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਜਥੇਦਾਰ ਗੜਗੱਜ ਨੇ ਕਿਹਾ ਕਿ ਗੁਰੂ ਸਿਧਾਂਤਾਂ ਅਨੁਸਾਰ ਸਾਨੂੰ ਸਾਰਿਆਂ ਨੂੰ ਇੱਕਜੁੱਟਤਾ ਨਾਲ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਚਾਹੀਦਾ ਹੈ ਅਤੇ ਪੰਜਾਬ ਅੰਦਰ ਧਰਮ ਪਰਿਵਰਤਨ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਇਸ ਦੀ ਵੱਡੀ ਲੋੜ ਹੈ।
ਉਹਨਾਂ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਸਮੇਤ ਹੋਰ ਸਿੱਖ ਸ਼ਖ਼ਸੀਅਤਾਂ, ਜਿਨ੍ਹਾਂ ਦੇ ਮਾਮਲੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚੱਲ ਰਹੇ ਹਨ, ਨੂੰ ਆਪਣਾ ਪੱਖ ਰੱਖਣ ਲਈ ਵੀ ਸੱਦਾ ਦਿੱਤਾ ਤਾਂ ਜੋ ਇੱਕਜੁੱਟਤਾ ਨਾਲ ਪੰਜਾਬ ਅੰਦਰ ਧਰਮ ਪਰਿਵਰਤਨ ਨੂੰ ਠੱਲ੍ਹਣ ਦੇ ਨਾਲ-ਨਾਲ ਸਿੱਖੀ ਦੇ ਪ੍ਰਚਾਰ ਨੂੰ ਪ੍ਰਚੰਡ ਕੀਤਾ ਜਾ ਸਕੇ।
ਉਨ੍ਹਾਂ ਸਪਸ਼ਟ ਕੀਤਾ ਕਿ ਜੇ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਤੇ ਹੋਰ ਸਿੱਖ ਸ਼ਖ਼ਸੀਅਤਾਂ ਖ਼ਾਲਸਾ ਪੰਥ ਦੀ ਮੁੱਖ ਧਾਰਾ ਵਿੱਚ ਆ ਕੇ ਪ੍ਰਚਾਰ ਪ੍ਰਸਾਰ ਦਾ ਕਾਰਜ ਕਰਨਾ ਚਾਹੁੰਦੀਆਂ ਹਨ ਤਾਂ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਤੇ ਸਿਧਾਂਤ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਇਸ ਲਈ
ਉਹ ਸਮਰਪਣ ਭਾਵ ਨਾਲ ਗੁਰੂ ਦੇ ਦਰਬਾਰ ਵਿਖੇ ਆਉਣ।
ਜਥੇਦਾਰ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਪੁਰਾਤਨ ਸਿੱਖ ਯੋਧਿਆਂ, ਸ਼ਹੀਦਾਂ ਅਤੇ ਸਿੱਖ ਇਤਿਹਾਸ ਦੇ ਵਿਭਿੰਨ ਪਹਿਲੂਆਂ ਉੱਪਰ ਬਣਦੀਆਂ ਫਿਲਮਾਂ/ਐਨੀਮੇਸ਼ਨ ਫਿਲਮਾਂ ਦੇ ਮਾਮਲਿਆਂ ਨੂੰ ਲੈ ਕੇ 2 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸਮੂਹ ਸਿੱਖ ਜਥੇਬੰਦੀਆਂ, ਬੁੱਧੀਜੀਵੀਆਂ ਅਤੇ ਵਿਦਵਾਨਾਂ ਦੀ ਇੱਕ ਮੀਟਿੰਗ ਸੱਦੀ ਗਈ ਹੈ।
ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਸਬੰਧੀ ਫਿਲਮਾਂ ਨੂੰ ਲੈ ਕੇ ਸਿੱਖ ਜਗਤ ਵਿਚ ਅਕਸਰ ਹੀ ਚਿੰਤਾ ਬਣੀ ਰਹਿੰਦਾ ਹੈ ਅਤੇ ਜਦੋਂ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਸਿੱਖ ਕੌਮ ਅੰਦਰ ਰੋਸ ਅਤੇ ਰੋਹ ਦੀ ਭਾਵਨਾ ਪ੍ਰਗਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਵਰਤਾਰੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਸੰਗਤ ਵੱਲੋਂ ਕੋਈ ਠੋਸ ਨਿਰਣਾ ਲੈਣ ਲਈ ਵਿਚਾਰ ਆਉਂਦੇ ਰਹਿੰਦੇ ਹਨ ਅਤੇ ਇਹ ਬੇਹੱਦ ਸੰਜੀਦਾ ਮਾਮਲਾ ਹੋਣ ਕਰਕੇ ਗੰਭੀਰ ਚਿੰਤਨ ਦੀ ਮੰਗ ਕਰਦਾ ਹੈ।
ਉਨ੍ਹਾਂ ਇਸ ਮਾਮਲੇ ਸਬੰਧੀ ਸਮੂਹ ਸਿੱਖ ਜਥੇਬੰਦੀਆਂ, ਸੰਪ੍ਰਦਾਵਾਂ, ਸੰਸਥਾਵਾਂ, ਸਭਾ ਸੁਸਾਇਟੀਆਂ, ਸਿੱਖ ਬੁੱਧੀਜੀਵੀਆਂ ਅਤੇ ਵਿਦਵਾਨਾਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਉੱਤੇ ਆਪਣੇ ਸੁਝਾਅ ਲੈ ਕੇ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ।