Punjab News - Road Accident: ਤੇਜ਼ ਰਫ਼ਤਾਰ ਕਾਰ ਦਰੱਖ਼ਤ ਨਾਲ ਟਕਰਾਈ; ਦੋ ਨੌਜਵਾਨਾਂ ਦੀ ਮੌਤ, ਇੱਕ ਗੰਭੀਰ ਜ਼ਖ਼ਮੀ
ਹਾਦਸੇ ’ਚ ਦੋਵੇਂ ਨੌਜਵਾਨਾਂ ਦੀ ਮੌਕੇ ’ਤੇ ਹੀ ਹੋਈ ਮੌਤ; ਪੁਲੀਸ ਨੇ ਜ਼ਖ਼ਮੀ ਨੂੰ ਹਸਪਾਤਲ ਦਾਖ਼ਲ ਕਰਵਾਇਆ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ
ਲਖਨਪਾਲ ਸਿੰਘ
ਮਜੀਠਾ, 26 ਫਰਵਰੀ
Punjab News - Road Accident: ਕਸਬਾ ਮਜੀਠਾ ਤੋਂ ਥੋੜ੍ਹੀ ਦੂਰ ਪਿੰਡ ਹਮਜ਼ਾ ਦੇ ਮੋੜ ’ਤੇ ਬੀਤੀ ਦੇਰ ਰਾਤ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾ ਜਾਣ ਕਾਰਨ ਇਸ ਵਿਚ ਸਵਾਰ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇਕ ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।
ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਪਿੰਡ ਵਡਾਲਾ ਦਾ ਵਸਨੀਕ ਰਾਜਨ ਭੱਟੀ ਪੁੱਤਰ ਡੈਨੀਅਲ ਮਸੀਹ ਆਪਣੀ ਆਲਟੋ ਕਾਰ (ਨੰਬਰ ਪੀਬੀ 35ਜੀ 8378) ਵਿੱਚ ਆਪਣੇ ਦੋ ਦੋਸਤਾਂ ਬਲਜਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਤੇ ਨਿਸ਼ਾਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਭਾਲੋਵਾਲੀ ਨਾਲ ਅੰਮ੍ਰਿਤਸਰ ਤੋ ਆਪਣੇ ਪਿੰਡ ਵਡਾਲਾ ਵੱਲ ਨੂੰ ਆ ਰਹੇ ਸਨ।
ਜਦੋਂ ਉਹ ਪਿੰਡ ਹਮਜ਼ਾ ਨਜਦੀਕ ਮੋੜ ’ਤੇ ਪਹੁੰਚੇ ਤਾਂ ਉਨ੍ਹਾਂ ਦੀ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਸੜਕ ਕੰਢੇ ਇੱਕ ਵੱਡੇ ਦਰੱਖ਼ਤ ਵਿੱਚ ਜਾ ਵੱਜੀ। ਇਸ ਕਾਰਨ ਅਗਲੀਆਂ ਸੀਟਾ ’ਤੇ ਬੈਠੇ ਰਾਜਨ ਭੱਟੀ ਵਡਾਲਾ ਤੇ ਬਲਜਿੰਦਰ ਸਿੰਘ ਫਤਿਹਗੜ੍ਹ ਚੂੜੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਪਿਛਲੀ ਸੀਟ ’ਤੇ ਬੈਠਾ ਨਿਸ਼ਾਨ ਸਿੰਘ ਭਾਲੋਵਾਲੀ ਗੰਭੀਰ ਜ਼ਖ਼ਮੀ ਹੋ ਗਿਆ।
ਮਜੀਠਾ ਪੁਲੀਸ ਨੇ ਬੀਤੀ ਰਾਤ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਨੌਜੁਆਨ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਅਤੇ ਮਾਰੇ ਗਏ ਨੌਜੁਆਨਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਹਨ।
ਜ਼ਿਕਰਯੋਗ ਹੈ ਕਿ ਰਾਜਨ ਭੱਟੀ ਆਪਣੇ ਪਿਛੇ ਵਿਧਵਾ ਪਤਨੀ ਤੇ 2 ਸਾਲਾ ਬੱਚੀ ਛੱਡ ਗਿਆ ਹੈ। ਜਦੋਂ ਕਿ ਬਲਜਿੰਦਰ ਸਿੰਘ ਵੀ ਵਿਧਵਾ ਅਤੇ 12 ਤੇ 10 ਸਾਲ ਦੀਆਂ ਦੋ ਲੜਕੀਆਂ ਤੇ ਇੱਕ 7 ਸਾਲਾ ਲੜਕਾ ਛੱਡ ਗਿਆ ਹੈ।