Punjab News: ਅਕਾਲ ਤਖਤ ਵੱਲੋਂ ਬਣਾਈ ਭਰਤੀ ਕਮੇਟੀ ਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਆਗੂਆਂ ਵਿਚਾਲੇ ਮੀਟਿੰਗ
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਿੰਡ ਜੱਲੂਪੁਰ ਖੇੜਾ ਸਥਿਤ ਰਿਹਾਇਸ਼ ਵਿਖੇ ਹੋਈ ਮੀਟਿੰਗ; ਸਾਂਝਾ ਪੰਥਕ ਮੰਚ ਬਣਾਉਣ ਲਈ ਕੋਸ਼ਿਸ਼ਾਂ ਜਾਰੀ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਗਠਨ ਲਈ ਸ੍ਰੀ ਅਕਾਲ ਤਖਤ ਤੋਂ ਬਣੀ ਭਰਤੀ ਕਮੇਟੀ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ‘ਅਕਾਲੀ ਦਲ ਵਾਰਸ ਪੰਜਾਬ ਦੇ’ ਦੇ ਆਗੂਆਂ ਵਿਚਾਲੇ ਅੱਜ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਸਾਂਝਾ ਪੰਥਕ ਮੰਚ ਬਣਾਉਣ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ।
ਇਹ ਮੀਟਿੰਗ ਜੱਲੂਪੁਰ ਖੇੜਾ ਵਿਖੇ ਅੰਮ੍ਰਿਤਪਾਲ ਸਿੰਘ ਦੇ ਘਰ ਵਿੱਚ ਹੋਈ। ਮੀਟਿੰਗ ਵਿੱਚ ਭਰਤੀ ਕਮੇਟੀ ਦੀ ਮੈਂਬਰ ਬੀਬੀ ਸਤਵੰਤ ਕੌਰ, ਮਨਪ੍ਰੀਤ ਸਿੰਘ ਇਆਲੀ, ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾ ਸ਼ਾਮਿਲ ਸਨ। ਇਨ੍ਹਾਂ ਦੇ ਨਾਲ ਭਾਈ ਦਇਆ ਸਿੰਘ ਲਹੌਰੀਆ ਨੇ ਵੀ ਸ਼ਿਰਕਤ ਕੀਤੀ।
ਇਸ ਮੌਕ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਆਗੂਆਂ ਨੇ ਭਰਤੀ ਕਮੇਟੀ ਵੱਲੋਂ ਪੰਥਕ ਏਕਤਾ ਦੇ ਕੀਤੇ ਜਾ ਰਹੇ ਯਤਨਾਂ ਦਾ ਸਵਾਗਤ ਕੀਤਾ। ਇਸ ਮੌਕੇ ਭਰਤੀ ਕਮੇਟੀ ਅਤੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਇਹ ਫੈਸਲਾ ਹੋਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਪੰਥਕ ਧਿਰਾਂ ਨਾਲ ਤਾਲਮੇਲ ਕਰ ਕੇ ਸਮੁੱਚੀਆਂ ਪੰਥਕ ਧਿਰਾਂ ਨੂੰ ਇਕ ਪਲੇਟਫਾਰਮ ’ਤੇ ਇਕੱਠੇ ਕਰਨ ਦੇ ਸਾਂਝੇ ਯਤਨ ਕੀਤੇ ਜਾਣਗੇ ਤਾਂ ਕਿ ਕੌਮ ਨੂੰ ਪੰਥਕ ਸੰਕਟ ’ਚੋਂ ਕੱਢ ਕੇ ਚੜ੍ਹਦੀ ਕਲਾ ਵੱਲ ਲਿਜਾਇਆ ਜਾ ਸਕੇ।
ਇਸ ਸਮੇਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਬਾਪੂ ਤਰਸੇਮ ਸਿੰਘ, ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ, ਅਮਰਜੀਤ ਸਿੰਘ ਬਨਚਿੱੜੀ, ਹਰਭਜਨ ਸਿੰਘ ਤੁੜ, ਸੁਰਜੀਤ ਸਿੰਘ ਦੌਲਤਪੁਰ ਹਾਜ਼ਰ ਸਨ।