Punjab News: ਖਡੂਰ ਸਾਹਿਬ ਦੇ ਐਮਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਘਰ ’ਚ ਨਜ਼ਰਬੰਦ; ਪੁਲੀਸ ਨੇ ਤੜਕੇ ਹੀ ਕੀਤੀ ਰਿਹਾਇਸ਼ ਦੀ ਘੇਰਾਬੰਦੀ
Khadoor Sahib MP Amritpal Singh's father house arrested
ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪੁਲੀਸ ਅਤੇ ਪ੍ਰਸ਼ਾਸਨ ’ਤੇ ਲਾਇਆ ‘ਧੱਕੇਸ਼ਾਹੀ’ ਦਾ ਦੋਸ਼; ਲੋਕਾਂ ਨੂੰ ਦਿੱਤਾ ਮੁਹਾਲੀ ਦੇ ਕੌਮੀ ਇਨਸਾਫ਼ ਮੋਰਚੇ ਦੀ ਹਮਾਇਤ ਕਰਨ ਦਾ ਸੱਦਾ
ਦਵਿੰਦਰ ਸਿੰਘ ਭੰਗੂ
ਰਈਆ, 7 ਜਨਵਰੀ
Punjab News: ਪੁਲੀਸ ਨੇ ਮੰਗਲਵਾਰ ਸਵੇਰੇ ਹਲਕਾ ਖਡੂਰ ਸਾਹਿਬ ਦੇ ਐਮਪੀ ਅੰਮ੍ਰਿਤਪਾਲ ਸਿੰਘ ਘਰ ਦੀ ਘੇਰਾਬੰਦੀ ਕਰ ਕੇ ਉਨ੍ਹਾਂ ਦੇ ਪਿਤਾ ਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਮਪੀ ਦੇ ਪਿਤਾ ਤਰਸੇਮ ਸਿੰਘ ਵੱਲੋਂ ਐਸਏਐਸ ਨਗਰ (ਮੁਹਾਲੀ) ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਹੋਏ ਕੌਮੀ ਇਨਸਾਫ਼ ਮੋਰਚੇ ਵਿਚ ਜਾਣ ਦਾ ਫ਼ੈਸਲਾ ਕੀਤਾ ਗਿਆ ਸੀ।
ਇਸ ਦੇ ਮੱਦੇਨਜ਼ਰ ਅੱਜ ਤੜਕੇ ਹੀ ਪੁਲੀਸ ਵੱਲੋਂ ਘੇਰਾਬੰਦੀ ਕਰ ਕੇ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਇਸ ਮੌਕੇ ਤਰਸੇਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਇਹ ਬਹੁਤ ਵੱਡੀ ਧੱਕੇਸ਼ਾਹੀ ਹੈ। ਅਸੀਂ ਕੱਲ੍ਹ ਕੌਮੀ ਇਨਸਾਫ ਮੋਰਚੇ ਵਿਚ ਜਾਣ ਵਾਸਤੇ ਸੋਚ ਰਹੇ ਸੀ ਤੇ ਸਾਨੂੰ ਹੁਣੇ ਪੁਲੀਸ ਨੇ ਚਾਰੇ ਪਾਸਿਆਂ ਘੇਰਾ ਪਾ ਲਿਆ ਗਿਆ ਹੈ।’’
ਇਹ ਵੀ ਪੜ੍ਹੋ:
Punjab News: ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਮਾਰਚ ਰੋਕਣ ਲਈ ਸਿਮਰਨਜੀਤ ਸਿੰਘ ਮਾਨ ਵੀ ਕੀਤੇ ਘਰ ’ਚ ਨਜ਼ਰਬੰਦ
ਉਨ੍ਹਾਂ ਕਿਹਾ ਕਿ ‘ਲੋਕਤੰਤਰ ਦੇ ਵਿੱਚ’ ਉਨ੍ਹਾਂ ਨਾਲ ਬਹੁਤ ਧੱਕਾ ਹੋ ਰਿਹਾ ਹੈ। ਉਨ੍ਹਾਂ ਕਿਹਾ, ‘‘ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ ਕਿ ਅਸੀਂ ਧੱਕੇਸ਼ਾਹੀ ਖਿਲਾਫ ਆਵਾਜ਼ ਵੀ ਨਹੀਂ ਬੁਲੰਦ ਕਰ ਸਕਦੇ।’’ ਉਨ੍ਹਾਂ ਪ੍ਰਸ਼ਾਸਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਲੋਕਾਂ ਨੂੰ ਆਪਣੀ ਗੱਲ ਵੀ ਕਰਨ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਮੁਹਾਲੀ ਵਿਖੇ ਕੌਮੀ ਇਨਸਾਫ਼ ਮੋਰਚੇ ਦਾ ਸਮਰਥਨ ਕਰਨ ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਹੋ ਸਕੇ। ਇਸ ਮੌਕੇ ਸੁਖਚੈਨ ਸਿੰਘ, ਕੁਲਵੰਤ ਸਿੰਘ, ਪਰਗਟ ਸਿੰਘ, ਜਰਮਨਜੀਤ ਸਿੰਘ ਸਰਾਂ, ਕਰਮਜੀਤ ਸਿੰਘ ਫਿਰੋਜ਼ਪੁਰ, ਬਲਦੇਵ ਸਿੰਘ ਬਿੱਟਾ ਅਤੇ ਪਰਮਜੀਤ ਸਿੰਘ ਖੈੜਾ ਆਦਿ ਹਾਜ਼ਰ ਸਨ।