Punjab news ਹਰਿਮੰਦਰ ਸਾਹਿਬ ਦੀ ਸਰਾਂ ’ਚ ਪਰਵਾਸੀ ਵੱਲੋਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ’ਤੇ ਰਾਡ ਨਾਲ ਹਮਲਾ
ਹਮਲੇ ਵਿਚ ਦੋ ਕਰਮਚਾਰੀ ਤੇ ਦੋ ਸ਼ਰਧਾਲੂ ਜ਼ਖ਼ਮੀ; ਹਮਲਾਵਰ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 14 ਮਾਰਚ
Shiromani Committee employees attacked with rods by migrant in Harmandir Sahib's lodge ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਸਰਾਂ ਵਿਖੇ ਇੱਕ ਪਰਵਾਸੀ ਵਿਅਕਤੀ ਵੱਲੋਂ ਲੋਹੇ ਦੀ ਰਾਡ ਨਾਲ ਕੀਤੇ ਗਏ ਹਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਦੋ ਕਰਮਚਾਰੀ ਅਤੇ ਦੋ ਸ਼ਰਧਾਲੂ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਗੁਰੂ ਰਾਮਦਾਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਹਮਲਾਵਰ ਨੂੰ ਕਾਬੂ ਕਰਕੇ ਪੁਲੀਸ ਨੂੰ ਸੌਂਪ ਦਿੱਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ੍ਰੀ ਗੁਰੂ ਰਾਮਦਾਸ ਸਰਾਂ ਵਿੱਚ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਨੇ ਇੱਕ ਵਿਅਕਤੀ ਨੂੰ ਸ਼ੱਕੀ ਹਾਲਾਤ ਵਿੱਚ ਦੇਖਦੇ ਹੋਏ ਸਰਾਂ ਤੋਂ ਬਾਹਰ ਜਾਣ ਵਾਸਤੇ ਆਖਿਆ। ਇਸ ਦੌਰਾਨ ਦੋਵਾਂ ਧਿਰਾਂ ’ਚ ਹੋਈ ਬਹਿਸ ਦੌਰਾਨ ਇਸ ਪਰਵਾਸੀ ਵਿਅਕਤੀ ਨੇ ਸਰਾਂ ਵਿੱਚ ਰੱਖੀ ਲੋਹੇ ਦੀ ਰਾਡ ਨਾਲ ਕਰਮਚਾਰੀਆਂ ’ਤੇ ਹਮਲਾ ਕਰ ਦਿੱਤਾ। ਹਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਦੋ ਕਰਮਚਾਰੀ ਗੰਭੀਰ ਜ਼ਖ਼ਮੀ ਹੋ ਗਏ। ਇਸ ਦੌਰਾਨ ਦੋ ਸ਼ਰਧਾਲੂ ਜੋ ਬਚਾਅ ਵਾਸਤੇ ਆਏ ਸਨ, ਵੀ ਹਮਲੇ ਦੌਰਾਨ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਸ੍ਰੀ ਗੁਰੂ ਰਾਮਦਾਸ ਹਸਪਤਾਲ ਭੇਜਿਆ ਗਿਆ ਹੈ। ਜ਼ਖਮੀ ਕਰਮਚਾਰੀਆਂ ਦੀ ਸ਼ਨਾਖਤ ਸੇਵਾਦਾਰ ਗਗਨਦੀਪ ਸਿੰਘ ਅਤੇ ਜਸਬੀਰ ਸਿੰਘ ਵਜੋਂ ਹੋਈ ਹੈ।
ਇਸ ਦੌਰਾਨ ਹਮਲਾਵਰ ਨੂੰ ਕਾਬੂ ਕਰਨ ਮਗਰੋਂ ਪੁਲੀਸ ਨੂੰ ਸੌਂਪ ਦਿੱਤਾ ਗਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਮਲਾਵਰ ਦੀ ਸ਼ਨਾਖਤ ਹਰਿਆਣਾ ਵਾਸੀ ਵਜੋਂ ਹੋਈ ਹੈ। ਫਿਲਹਾਲ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।