Punjab News: ਜੰਡਿਆਲਾ ਗੁਰੂ ਵਿੱਚ 24 ਘੰਟਿਆਂ ’ਚ ਦੂਜੀ ਵਾਰ ਗੋਲੀਆਂ ਚੱਲੀਆਂ, ਇੱਕ ਜ਼ਖ਼ਮੀ
ਸਿਮਰਤ ਪਾਲ ਸਿੰਘ
ਜੰਡਿਆਲਾ ਗੁਰੂ, 20 ਫਰਵਰੀ
ਸਥਾਨਕ ਗਊਸ਼ਾਲਾ ਰੋਡ ਉੱਪਰ ਸ਼ਮਸ਼ਾਨ ਘਾਟ ਦੇ ਬਾਹਰ ਸਵੇਰੇ ਕਰੀਬ 11 ਵਜੇ ਕੁਝ ਬਦਮਾਸ਼ਾਂ ਨੇ ਇੱਕ ਲੜਕੇ ਉੱਪਰ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਤੋਂ ਪਹਿਲਾਂ ਬੀਤੀ ਦੇਰ ਰਾਤ ਵੀ ਮਹੱਲਾ ਸ਼ੇਖੂਪੁਰਾ ਵਿੱਚ ਕੁਝ ਲੋਕਾਂ ਨੇ ਇੱਕ ਵਿਅਕਤੀ ਉੱਪਰ ਗੋਲੀਆਂ ਚਲਾਈਆਂ ਸਨ।
ਅਜੇ ਉਸ ਘਟਨਾ ਬਾਰੇ ਕੋਈ ਉੱਘ-ਸੁੱਘ ਨਹੀਂ ਨਿਕਲੀ ਸੀ ਕਿ ਅਗਲੀ ਸਵੇਰ ਹੀ ਸ਼ਹਿਰ ਵਿੱਚ ਫਿਰ ਗੋਲੀਬਾਰੀ ਹੋ ਗਈ। ਅੱਜ ਦੀ ਗੋਲੀਬਾਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਜ਼ਖ਼ਮੀ ਹੋਏ ਲੜਕੇ ਦੀ ਮਾਤਾ ਨੇ ਦੱਸਿਆ ਉਸ ਦਾ 17 ਸਾਲਾ ਲੜਕਾ ਆਕਾਸ਼ਦੀਪ ਬਾਜ਼ਾਰ ਤੋਂ ਆਪਣੇ ਘਰ ਆ ਰਿਹਾ ਸੀ। ਜਦੋਂ ਉਹ ਘਰ ਦੇ ਬਿਲਕੁਲ ਨਜ਼ਦੀਕ ਸਥਿਤ ਸ਼ਮਸ਼ਾਨ ਘਾਟ ਦੇ ਸਾਹਮਣੇ ਪਹੁੰਚਿਆ ਤਾਂ ਦੋ ਮੋਟਰਸਾਈਕਲਾਂ ਉੱਪਰ ਸਵਾਰ ਹੋ ਕੇ ਆਏ ਪੰਜ ਬਦਮਾਸ਼ਾਂ ਨੇ ਉਸ ਉੱਪਰ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆ।
ਇਸ ਕਾਰਨ ਇੱਕ ਗੋਲੀ ਉਸ ਦੇ ਪੈਰ ਵਿੱਚ ਵੱਜੀ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਮੌਕੇ ਉੱਪਰ ਲੋਕਾਂ ਵੱਲੋਂ ਇਕੱਠੇ ਹੋ ਕੇ ਬਦਮਾਸ਼ਾਂ ਉਪਰ ਇੱਟਾਂ ਰੋੜਿਆਂ ਦਾ ਹਮਲਾ ਕੀਤਾ। ਇਸ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਨੁਕਸਾਨਿਆ ਗਿਆ ਅਤੇ ਉਹ ਮੌਕੇ ਉੱਪਰ ਆਪਣਾ ਇੱਕ ਮੋਟਰਸਾਈਕਲ ਸੁੱਟ ਕੇ ਫਰਾਰ ਹੋ ਗਏ।
ਜ਼ਖ਼ਮੀ ਆਕਾਸ਼ਦੀਪ ਦੀ ਮਾਤਾ ਨੇ ਦੱਸਿਆ ਕਰੀਬ ਇਕ ਸਾਲ ਪਹਿਲਾਂ ਇਸੇ ਥਾਂ ’ਤੇ ਬਦਮਾਸ਼ਾਂ ਨੇ ਆਕਾਸ਼ਦੀਪ ਦੇ ਪਿਤਾ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਮੌਕੇ ਉੱਪਰ ਪੁੱਜੇ ਐਸਐਚਓ ਜੰਡਿਆਲਾ ਗੁਰੂ ਅਤੇ ਡੀਐਸਪੀ ਜੰਡਿਆਲਾ ਗੁਰੂ ਧਰਮਿੰਦਰ ਕਲਿਆਣ ਨੇ ਕਿਹਾ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਦੋਸ਼ੀਆਂ ਦੀ ਪਛਾਣ ਕਰ ਲਈ ਜਾਵੇਗੀ।
ਬੀਤੀ ਰਾਤ ਹੋਈ ਗੋਲੀਬਾਰੀ ਬਾਰੇ ਗੱਲ ਉਨ੍ਹਾਂ ਕਿਹਾ ਕਿ ਉਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ। ਦੋ ਗੁੱਟਾਂ ਦੀ ਆਪਸੀ ਰੰਜਿਸ਼ ਤਹਿਤ ਰਾਤ ਦੀ ਘਟਨਾ ਘਟੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲੀਸ ਨੂੰ ਸਹਿਯੋਗ ਦੇਣ। ਡੀਐਸਪੀ ਨੇ ਕਿਹਾ ਕਿ ਪੁਲੀਸ ਨੂੰ ਗੁਪਤ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਪੁਲੀਸ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਸਫਲ ਹੋ ਸਕੇ।