Punjab News - Gang war: ਗੈਂਗਵਾਰ: ਅੰਮ੍ਰਿਤਸਰ ’ਚ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
ਤਿੰਨ ਨੌਜਵਾਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ; ਪੁਲੀਸ ਵੱਲੋਂ ਜਾਂਚ ਸ਼ੁਰੂ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਜੁਲਾਈ
ਅੰਮ੍ਰਿਤਸਰ ਦੇ ਮਹਿਤਾ ਨੇੜਲੇ ਪਿੰਡ ਚੰਨਣ ਕੇ ਵਿੱਚ ਅੱਜ ਦਿਨ ਦਿਹਾੜੇ 28 ਸਾਲਾ ਨੌਜਵਾਨ ਜੁਗਰਾਜ ਸਿੰਘ ਉਰਫ ਤੋਤਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਮਾਮਲਾ ਗੈਂਗਵਾਰ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਜੁਗਰਾਜ ਸਿੰਘ ਜੇਲ੍ਹ ਵਿੱਚ ਬੰਦ ਨਸ਼ਾ ਤਸਕਰ ਜਗਰੂਪ ਜੂਪਾ ਦਾ ਭਰਾ ਸੀ, ਜਿਸਦਾ ਸਬੰਧ ਪਵਿਤਰ ਚੌੜਾ ਗੈਂਸਸਟਰ ਨਾਲ ਹੈ।
ਸੂਤਰਾਂ ਅਨੁਸਾਰ ਤਿੰਨ ਅਣਪਛਾਤੇ ਹਮਲਾਵਰ ਮੋਟਰਸਾਈਕਲ ’ਤੇ ਪਿੰਡ ਵਿੱਚ ਪਹੁੰਚੇ ਅਤੇ ਉਨ੍ਹਾਂ ਜੁਗਰਾਜ ਸਿੰਘ ’ਤੇ ਨੇੜਿਓਂ ਗੋਲੀਆਂ ਚਲਾਈਆਂ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਘਟਨਾ ਦੀ ਇੱਕ ਵੀਡੀਓ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਪਿੰਡ ਦੀ ਇੱਕ ਇਮਾਰਤ ਨੇੜੇ ਮੋਟਰਸਾਈਕਲ ’ਤੇ ਖੜ੍ਹੇ ਨੌਜਵਾਨ ’ਤੇ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਹਨ। ਪੁਲੀਸ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਨੂੰ ਵੀ ਘੋਖਿਆ ਜਾ ਰਿਹਾ। ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਚੁਣੌਤੀ ਦੇਣ ਵਾਲੇ ਬਖ਼ਸ਼ੇ ਨਹੀਂ ਜਾਣਗੇ।
ਦੱਸਣਾ ਬਣਦਾ ਹੈ ਕਿ ਮੁੱਖ ਮੰਤਰੀ ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਆਏ ਹੋਏ ਸਨ। ਇਸ ਦੌਰਾਨ ਪੁਲੀਸ ਸੁਰੱਖਿਆ ਦੇ ਬਾਵਜੂਦ ਹਮਲਾਵਰਾਂ ਨੇ ਦਿਨ-ਦਿਹਾੜੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
ਇਹ ਵੀ ਪਤਾ ਲੱਗਾ ਹੈ ਕਿ ਇੱਕ ਗੈਂਗਸਟਰ ਗਰੁੱਪ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕਰ ਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ।