Punjab News: ਅੰਮ੍ਰਿਤਸਰ ਹਵਾਈ ਅੱਡੇ ’ਤੇ ਦੋ ਮੁਸਾਫ਼ਰਾਂ ਕੋਲੋਂ ਨਸ਼ੀਲਾ ਪਦਾਰਥ ਤੇ 400 ਗ੍ਰਾਮ ਸੋਨਾ ਬਰਾਮਦ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਮਾਰਚ
Punjab News: ਕਸਟਮ ਵਿਭਾਗ ਨੇ ਦੋ ਵੱਖ ਵੱਖ ਮਾਮਲਿਆਂ ਵਿੱਚ ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਵਿਦੇਸ਼ ਤੋਂ ਆਏ ਦੋ ਵੱਖ ਵੱਖ ਵਿਅਕਤੀਆਂ ਕੋਲੋਂ ਅੱਠ ਕਿਲੋ ਤੋਂ ਵੱਧ ਨਸ਼ੀਲਾ ਪਦਾਰਥ ਅਤੇ ਲਗਭਗ 400 ਗ੍ਰਾਮ 24 ਕੈਰੇਟ ਸੋਨਾ ਬਰਾਮਦ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਲੇਸ਼ੀਆ ਏਅਰਲਾਈਨ ਦੀ ਹਵਾਈ ਉਡਾਣ ਰਾਹੀ ਮਲੇਸ਼ੀਆ ਤੋਂ ਆਏ ਇੱਕ ਵਿਅਕਤੀ ਕੋਲੋਂ ਅੱਠ ਕਿਲੋ 170 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ, ਜੋ ਕਿ ਗਾਂਜਾ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਕਸਟਮ ਵਿਭਾਗ ਨੇ ਅਗਾਊਂ ਸੂਚਨਾ ਦੇ ਆਧਾਰ ’ਤੇ ਇਸ ਵਿਅਕਤੀ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਦੇ ਬੈਗ ਵਿੱਚੋਂ ਇਹ ਅੱਠ ਕਿਲੋ ਤੋਂ ਵੱਧ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ।
ਮੁਲਜ਼ਮ ਨੂੰ ਐਨਡੀਪੀਐਸ ਐਕਟ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਸ਼ਨਾਖਤ ਮਨਦੀਪ ਸਿੰਘ ਵਜੋਂ ਹੋਈ ਹੈ।
ਦੂਜੀ ਘਟਨਾ ਵਿੱਚ ਕਸਟਮ ਵਿਭਾਗ ਨੇ ਸਿੰਗਾਪੁਰ ਤੋਂ ਸਕੂਟ ਏਅਰਲਾਈਨ ਦੀ ਉਡਾਣ ਰਾਹੀ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜੇ ਇੱਕ ਯਾਤਰੂ ਕੋਲੋਂ 400 ਗ੍ਰਾਮ 24 ਕੈਰੇਟ ਸੋਨਾ ਬਰਾਮਦ ਕੀਤਾ ਹੈ। ਇਸ ਵਿੱਚ 320 ਗ੍ਰਾਮ ਦੀ ਇੱਕ ਸੋਨੇ ਦੀ ਚੇਨ ਅਤੇ 80 ਗਰਾਮ ਦਾ ਸੋਨੇ ਦਾ ਕੜਾ ਸ਼ਾਮਿਲ ਸੀ। ਕਸਟਮ ਵਿਭਾਗ ਨੇ ਜਾਂਚ ਮਗਰੋਂ ਕਸਟਮ ਐਕਟ 1962 ਦੀ ਧਾਰਾ 110 ਤਹਿਤ ਇਹ ਸੋਨਾ ਜ਼ਬਤ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।