Punjab News - Drug Menace: ਨਸ਼ੇ ਦਾ ਟੀਕਾ ਲਾਉਣ ਕਾਰਨ ਤਿੰਨ ਬੱਚਿਆਂ ਦੇ ਬਾਪ ਦੀ ਮੌਤ
ਮੁਹੱਲਾ ਵਾਸੀਆਂ ਨੇ ਲਾਏ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਕਾਰਗਰ ਨਾ ਹੋਣ ਦੇ ਦੋਸ਼; ਪੁਲੀਸ ਦਾ ਦਾਅਵਾ ਕਿ ਮੌਤ ਬਿਮਾਰੀ ਕਾਰਨ ਹੋਈ
ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 17 ਜੂਨ
ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਕਸਬਾ ਫਤਿਆਬਾਦ ਵਿਖੇ ਨਸ਼ੇ ਦਾ ਟੀਕਾ ਲਾਉਣ ਕਾਰਨ ਤਿੰਨ ਬੱਚਿਆਂ ਦੇ ਬਾਪ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਤਾਪ ਸਿੰਘ ਵਜੋਂ ਹੋਈ ਹੈ।
ਉਸ ਦੇ ਭਰਾ ਜਸਬੀਰ ਸਿੰਘ ਨੇ ਦੱਸਿਆ, ‘‘ਮੇਰਾ ਛੋਟਾ ਭਰਾ ਪ੍ਰਤਾਪ ਸਿੰਘ (40) ਮਾੜੀ ਸੰਗਤ ਕਾਰਨ ਨਸ਼ਿਆਂ ਦਾ ਆਦੀ ਸੀ, ਜਿਸ ਨੇ ਬੀਤੇ ਕੱਲ੍ਹ ਨਸ਼ੇ ਦੀ ਪੂਰਤੀ ਲਈ ਨਸ਼ੇ ਦਾ ਟੀਕਾ ਲਾ ਲਿਆ। ਇਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ ਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਪਰ ਉਸ ਦੀ ਮੌਤ ਹੋ ਗਈ।’’
ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪ੍ਰਤਾਪ ਸਿੰਘ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰ ਚਲਾ ਰਿਹਾ ਸੀ ਕਿ ਉਸ ਨੂੰ ਨਸ਼ਿਆਂ ਦੀ ਦਲਦਲ ਨੇ ਘੇਰ ਲਿਆ। ਮ੍ਰਿਤਕ ਦੀ ਚਾਚੀ ਕਰਮ ਕੌਰ ਨੇ ਆਖਿਆ ਕਿ ਪ੍ਰਤਾਪ ਸਿੰਘ ਤਿੰਨ ਬੱਚਿਆਂ ਦਾ ਬਾਪ ਸੀ। ਉਸ ਦਾ ਨਸ਼ਿਆਂ ਨੇ ਘਰ ਤਬਾਹ ਕਰਕੇ ਰੱਖ ਦਿੱਤਾ।
ਮੁਹੱਲਾ ਵਾਸੀਆਂ ਨੇ ਦੋਸ਼ ਲਾਇਆ ਕਿ ਸਰਕਾਰ ਭਾਵੇਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਰਾਹੀਂ ਨਸ਼ੇ ਬੰਦ ਹੋਣ ਦੇ ਦਾਅਵੇ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਇਲਾਕੇ ਵਿੱਚ ਸ਼ਰੇਆਮ ਨਸ਼ੇ ਵਿਕ ਰਹੇ ਹਨ ਅਤੇ ਆਏ ਦਿਨ ਨੌਜਵਾਨ ਨਸ਼ਿਆਂ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸੰਜੀਦਗੀ ਦਿਖਾਈ ਜਾਵੇ।
ਇਸ ਸਬੰਧੀ ਐਸਐਚਓ ਪ੍ਰਭਜੀਤ ਸਿੰਘ ਗਿੱਲ ਨੇ ਆਖਿਆ ਕਿ ਪ੍ਰਤਾਪ ਸਿੰਘ ਦੀ ਮੌਤ ਬਿਮਾਰੀ ਕਾਰਨ ਹੋਈ ਹੈ, ਜਿਸ ਦੀ ਲੱਤ ’ਤੇ ਜ਼ਖ਼ਮ ਹੋਣ ਕਾਰਨ ਸਹੀ ਇਲਾਜ ਨਹੀਂ ਹੋਇਆ।