Punjab News ਬੀਐੱਸਐੱਫ ਵੱਲੋਂ ਸਰਹੱਦੀ ਖੇਤਰ ’ਚੋਂ ਦੋ ਪਿਸਤੌਲ, ਗੋਲੀਆਂ ਤੇ ਦੋ ਡਰੋਨ ਬਰਾਮਦ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 26 ਫਰਵਰੀ
ਬੀਐੱਸਐੱਫ ਨੇ ਅੰਮ੍ਰਿਤਸਰ ਸਰਹੱਦੀ ਸੈਕਟਰ ਵਿੱਚ ਤਿੰਨ ਵੱਖ-ਵੱਖ ਥਾਵਾਂ ’ਤੇ ਕੀਤੇ ਗਏ ਆਪਰੇਸ਼ਨ ਦੌਰਾਨ ਦੋ ਆਧੁਨਿਕ ਪਿਸਤੌਲ, ਕਾਰਤੂਸ ਅਤੇ ਦੋ ਡਰੋਨ ਬਰਾਮਦ ਕੀਤੇ ਹਨ।
ਬੀਐੱਸਐੱਫ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਬੱਲੜਵਾਲ ਨੇੜੇ ਕੀਤੇ ਗਏ ਜਾਂਚ ਆਪਰੇਸ਼ਨ ਦੌਰਾਨ ਗੰਨੇ ਦੇ ਖੇਤਾਂ ਵਿੱਚੋਂ ਇੱਕ ਕਾਲੇ ਰੰਗ ਦਾ ਬੈਗ ਬਰਾਮਦ ਹੋਇਆ ਜਿਸ ਵਿੱਚੋਂ ਦੋ ਪਿਸਤੌਲ ਅਤੇ ਚਾਰ ਗੋਲੀਆਂ ਬਰਾਮਦ ਹੋਈਆਂ ਹਨ। ਇਹ ਦੋਵੇਂ ਤੁਰਕੀ ਦੇ ਬਣੇ ਹੋਏ ਜਿਗਨਾ ਪਿਸਤੌਲ ਹਨ। ਉਨ੍ਹਾਂ ਦੱਸਿਆ ਕਿ ਇੱਕ ਹੋਰ ਆਪਰੇਸ਼ਨ ਤਹਿਤ ਸਰਹੱਦੀ ਪਿੰਡ ਖਾਣਵਾਲ ਦੇ ਖੇਤੀਬਾੜੀ ਵਾਲੇ ਇਲਾਕੇ ਵਿੱਚੋਂ ਇੱਕ ਡਰੋਨ ਬਰਾਮਦ ਹੋਇਆ ਹੈ। ਇਹ ਡਰੋਨ ਡੀਜੀਆਈ ਮੈਵਿਕ ਤਿੰਨ ਕਲਾਸਿਕ ਸ਼੍ਰੇਣੀ ਦਾ ਹੈ।
ਇਸੇ ਤਰ੍ਹਾਂ ਜ਼ਿਲ੍ਹੇ ਦੇ ਸਰਹੱਦੀ ਪਿੰਡ ਦਾਓਕੇ ਵਿੱਚੋਂ ਵੀ ਇੱਕ ਡਰੋਨ ਬਰਾਮਦ ਹੋਇਆ ਹੈ। ਇਹ ਡਰੋਨ ਵੀ ਮੈਵਿਕ ਤਿੰਨ ਸ਼੍ਰੇਣੀ ਦਾ ਹੈ। ਉਨ੍ਹਾਂ ਦੱਸਿਆ ਕਿ ਬੀਐੱਸਐੱਫ ਵੱਲੋਂ ਇਹ ਕਾਰਵਾਈ ਅਗਾਊਂ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਸੀ ਅਤੇ ਜਾਂਚ ਦੌਰਾਨ ਇਹ ਡਰੋਨ ਬਰਾਮਦ ਹੋਇਆ। ਬੀਐੱਸਐੱਫ ਅਧਿਕਾਰੀਆਂ ਨੇ ਕਿਹਾ ਕਿ ਇੰਟੈਲੀਜੈਂਸ ਵਿੰਗ ਦੀ ਅਗਾਊਂ ਸੂਚਨਾ ਅਤੇ ਤੇਜ਼ੀ ਨਾਲ ਕੀਤੀ ਕਾਰਵਾਈ ਤਹਿਤ ਸਰਹੱਦ ਪਾਰੋਂ ਹਥਿਆਰਾਂ ਦੀ ਇਹ ਤਸਕਰੀ ਦਾ ਯਤਨ ਅਸਫਲ ਬਣਾ ਦਿੱਤਾ ਗਿਆ ਹੈ।