Punjab News: ਅੰਮ੍ਰਿਤਸਰ ’ਚ ਧਾਰਮਿਕ ਸਥਾਨ ’ਤੇ ਹਮਲਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 15 ਮਾਰਚ
ਇਥੋਂ ਦੇ ਖੰਡਵਾਲਾ ਇਲਾਕੇ ਵਿੱਚ ਲੰਘੀ ਦੇਰ ਰਾਤ ਧਰਮ ਅਸਥਾਨ ਠਾਕੁਰਦਵਾਰਾ ਮੰਦਰ ’ਚ ਹੋਏ ਧਮਾਕੇ ਕਾਰਨ ਇਲਾਕੇ ਵਿੱਚ ਡਰ ਅਤੇ ਤਣਾਅ ਵਾਲਾ ਮਾਹੌਲ ਹੈ। ਇਹ ਧਮਾਕਾਖੇਜ਼ ਸਮੱਗਰੀ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵੱਲੋਂ ਮੰਦਰ ’ਤੇ ਸੁੱਟੀ ਗਈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਹ ਘਟਨਾ 14 ਅਤੇ 15 ਮਾਰਚ ਦੀ ਦਰਮਿਆਨੀ ਰਾਤ ਦੀ ਹੈ। ਇਸ ਧਮਾਕੇ ਨਾਲ ਮੰਦਰ ਦੀ ਕੰਧ ਨੂੰ ਨੁਕਸਾਨ ਪੁੱਜਾ ਹੈ। ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਖੇਤਰ ’ਚ ਪਹਿਲੀ ਵਾਰ ਕਿਸੇ ਧਾਰਮਿਕ ਸਥਾਨ ’ਤੇ ਅਜਿਹਾ ਹਮਲਾ ਕੀਤਾ ਗਿਆ ਹੈ।
ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਦਿਖਾਈ ਦਿੱਤਾ ਕਿ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵੱਲੋਂ ਮੰਦਰ ਦੀ ਇਮਾਰਤ ’ਤੇ ਕੋਈ ਧਮਾਕਾਖੇਜ਼ ਚੀਜ਼ ਸੁੱਟੀ ਗਈ। ਮੋਟਰਸਾਈਕਲ ’ਤੇ ਝੰਡਾ ਵੀ ਲੱਗਾ ਹੋਇਆ ਸੀ। ਦੋਵੇਂ ਮੰਦਰ ਕੋਲ ਆ ਕੇ ਰੁਕਦੇ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਦੇ ਹੱਥ ਵਿੱਚ ਕੋਈ ਚੀਜ਼ ਹੈ ਜੋ ਉਹ ਮੰਦਰ ਵੱਲ ਸੁੱਟਦਾ ਹੈ ਅਤੇ ਦੋਵੇਂ ਮੋਟਰਸਾਈਕਲ ’ਤੇ ਬੈਠ ਕੇ ਫਰਾਰ ਹੋ ਜਾਂਦੇ ਹਨ। ਇਸ ਤੋਂ ਬਾਅਦ ਧਮਾਕਾ ਹੁੰਦਾ ਹੈ। ਮੰਦਰ ਦਾ ਪੁਜਾਰੀ ਅਤੇ ਉਸ ਦਾ ਪਰਿਵਾਰ ਉੱਪਰਲੀ ਮੰਜ਼ਿਲ ’ਤੇ ਸਨ। ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਧਮਾਕੇ ਕਾਰਨ ਮੰਦਰ ਦੀ ਕੰਧ ਨੂੰ ਨੁਕਸਾਨ ਪੁੱਜਾ ਹੈ।
ਮੰਦਰ ਦੇ ਪੁਜਾਰੀ ਮੁਰਾਰੀ ਲਾਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦਾ ਕਮਰਾ ਉੱਪਰਲੀ ਮੰਜ਼ਿਲ ’ਤੇ ਪਿਛਲੇ ਪਾਸੇ ਹੈ, ਜਿੱਥੇ ਧਮਾਕਾ ਹੋਇਆ ਉਥੇ ਕੰਧ ਨੂੰ ਨੁਕਸਾਨ ਹੋਇਆ ਹੈ। ਉਸ ਨੇ ਦੱਸਿਆ ਕਿ ਲੋਕਾਂ ਨੇ ਉਸ ਨੂੰ ਜਗਾਇਆ ਤੇ ਇਸ ਬਾਰੇ ਜਾਣਕਾਰੀ ਦਿੱਤੀ। ਉਹ ਬਾਹਰ ਆਇਆ ਤਾਂ ਉਸ ਨੇ ਨੁਕਸਾਨੀ ਹੋਈ ਕੰਧ ਦੇਖੀ। ਉਸ ਨੇ ਦੱਸਿਆ ਕਿ ਉਹ ਸ਼ੁਰੂ ਵਿੱਚ ਕੁਝ ਸਮਝ ਨਹੀਂ ਸਕਿਆ ਪਰ ਜਦੋਂ ਅਸੀਂ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਤਾਂ ਉਸ ਵਿੱਚ ਦੋ ਮੋਟਰਸਾਈਕਲ ਸਵਾਰ ਵਿਅਕਤੀ ਦਿਖਾਈ ਦਿੱਤੀ ਜਿਨ੍ਹਾਂ ਕੋਈ ਗ੍ਰਨੇਡ ਜਿਹੀ ਚੀਜ਼ ਮੰਦਰ ਵੱਲ ਸੁੱਟੀ, ਜਿਸ ਨਾਲ ਧਮਾਕਾ ਹੋਇਆ। ਇਲਾਕਾ ਵਾਸੀ ਕਰਨਪ੍ਰੀਤ ਸਿੰਘ ਨੇ ਕਿਹਾ ਕਿ ਮੰਦਰ ’ਤੇ ਕੀਤਾ ਗਿਆ ਇਹ ਹਮਲਾ ਇਲਾਕੇ ’ਚ ਬਣੇ ਸ਼ਾਂਤੀ ਅਤੇ ਭਾਈਚਾਰਕ ਸਾਂਝ ਵਾਲੇ ਮਾਹੌਲ ਨੂੰ ਖਰਾਬ ਕਰਨ ਦਾ ਯਤਨ ਹੈ। ਉਸ ਨੇ ਪੁਲੀਸ ਪ੍ਰਸ਼ਾਸਨ ਨੂੰ ਇਸ ਮਾਮਲੇ ਵਿੱਚ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਘਟਨਾ ਰਾਤ ਲਗਪਗ 2 ਵਜੇ ਦੇ ਨੇੜੇ ਵਾਪਰੀ ਹੈ। ਸੂਚਨਾ ਮਿਲਣ ’ਤੇ ਉਹ ਖੁਦ ਮੌਕੇ ’ਤੇ ਪੁੱਜੇ ਤੇ ਜਾਂਚ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਧਮਾਕੇ ਨਾਲ ਹੇਠਾਂ ਡਿੱਗਿਆ ਕੰਧ ਮਲਬਾ ਵੀ ਜਾਂਚ ਵਾਸਤੇ ਸੰਭਾਲਿਆ ਗਿਆ ਹੈ। ਫੋਰੈਂਸਿਕ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਧਮਾਕੇ ’ਚ ਵਰਤੀ ਗਈ ਸਮੱਗਰੀ ਬਾਰੇ ਕੁਝ ਕਹਿ ਸਕਣਗੇ। ਉਨ੍ਹਾਂ ਕਿਹਾ ਕਿ ਪੁਲੀਸ ਜਲਦੀ ਹੀ ਹਮਲਾਵਰਾਂ ਦਾ ਪਤਾ ਲਾ ਲਵੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ‘ਐਕਸ’ ’ਤੇ ਘਟਨਾ ਦੀ ਨਿੰਦਾ ਕਰਦਿਆਂ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਥਾਵਾਂ ’ਤੇ ਅਜਿਹੇ 13 ਧਮਾਕੇ ਹੋ ਚੁੱਕੇ ਹਨ ਤੇ ਇਹ ਸਾਬਤ ਕਰਦਾ ਹੈ ਕਿ ਸੂਬੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਦਤਰ ਹੋ ਚੁੱਕੀ ਹੈ।
ਅੰਮ੍ਰਿਤਸਰ ਘਟਨਾ ਪਿੱਛੇ ਫੁੱਟ ਪਾਊ ਤਾਕਤਾਂ ਦਾ ਹੱਥ: ਮਾਨ
ਚੰਡੀਗੜ੍ਹ (ਆਤਿਸ਼ ਗੁਪਤਾ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅੰਮ੍ਰਿਤਸਰ ਘਟਨਾ ਪਿੱਛੇ ਫੁੱਟਪਾਊ ਤਾਕਤਾਂ ਦਾ ਹੱਥ ਹੈ, ਜੋ ਸੂਬੇ ਦੀ ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਰੋਕਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਤਾਕਤਾਂ ਨੂੰ ਕਦੇ ਵੀ ਆਪਣੇ ਮਨਸੂਬਿਆਂ ਵਿੱਚ ਸਫ਼ਲ ਨਹੀਂ ਹੋਣ ਦੇਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਦੂਜੇ ਰਾਜਾਂ ਨਾਲੋਂ ਬਹੁਤ ਬਿਹਤਰ ਹੈ।
ਘਟਨਾ ਲਈ ਮੁੱਖ ਮੰਤਰੀ ਜ਼ਿੰਮੇਵਾਰ: ਔਜਲਾ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਸ ਘਟਨਾ ਦੀ ਸਖਤ ਨਿੰਦਾ ਕਰਦਿਆਂ ਇਸ ਮਾਮਲੇ ਵਿੱਚ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਕਿਹਾ ਕਿ ਉਨ੍ਹਾਂ ਇੱਕ ਵਾਰ ਵੀ ਅੰਮ੍ਰਿਤਸਰ ਦੇ ਹਾਲਾਤ ਜਾਨਣ ਦਾ ਯਤਨ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਜਲਦੀ ਹਮਲਾਵਰਾਂ ਨੂੰ ਕਾਬੂ ਕਰਕੇ ਅਮਨ ਤੇ ਕਾਨੂੰਨ ਦੀ ਸਥਿਤੀ ਕਾਇਮ ਕਰੇ।
I strongly condemn bomb attack on Thakur Dwara temple, Khandwala in Amritsar. AAP government fails to check repeated incidents of blasts in border city. Deteriorating law and order in Punjab is matter of serious concern.@ANI @PTI_News @CNNnews18 pic.twitter.com/caQtjnMCrn
— Ravneet Singh Bittu (@RavneetBittu) March 15, 2025
ਚੀਮਾ ਵੱਲੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਆਪਣੇ ਐਕਸ ਖਾਤੇ ਵਿੱਚ ਇਸ ਮਾਮਲੇ ਦੀ ਸਖਤ ਨਿੰਦਾ ਕਰਦਿਆਂ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਅਜਿਹੇ 13 ਧਮਾਕੇ ਹੋ ਚੁੱਕੇ ਹਨ ਅਤੇ ਇਹ ਸਾਬਤ ਕਰਦਾ ਹੈ ਕਿ ਸੂਬੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਦਤਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਧਮਾਕਾ ਕਰਨ ਵਾਲਿਆਂ ਨੂੰ ਕਾਬੂ ਕਰ ਕੇ ਇਸ ਘਟਨਾ ਪਿੱਛੇ ਕੰਮ ਕਰਦੀ ਸਾਜ਼ਿਸ਼ ਨੂੰ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ।
The SAD strongly condemned the incident of blast near Thakur Duar Mandir in Sri Amritsar. This is the 13th such blast in the area & is proof of complete collapse of law & order in the state. It is a serious & sensitive incident which has hurt the sentiments of the people. A high…
— Dr Daljit S Cheema (@drcheemasad) March 15, 2025