ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Punjab news ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਨੇ ਹਿਮਾਚਲ ’ਚ ਸਿੱਖ ਨੌਜਵਾਨਾਂ ਦੇ ਮੋਟਰਸਾਈਕਲਾਂ ਤੋਂ ਝੰਡੇ ਉਤਾਰਨ ’ਤੇ ਉਜ਼ਰ ਜਤਾਇਆ

ਸ਼੍ਰੋਮਣੀ ਕਮੇਟੀ ਨੂੰ ਹਿਮਾਚਲ ਦੀ ਸੁੱਖੂ ਸਰਕਾਰ ਕੋਲ ਮਸਲਾ ਉਠਾਉਣ ਦੀ ਹਦਾਇਤ; ਸਿੱਖ ਨੌਜਵਾਨਾਂ ਨੂੰ ਵਾਹਨਾਂ ਦੇ ਪੂਰੇ ਦਸਤਾਵੇਜ਼ ਰੱਖਣ ਤੇ ੲਿਕੱਲੇ ਸਫ਼ਰ ਤੋਂ ਗੁਰੇਜ਼ ਕਰਨ ਦੀ ਸਲਾਹ
ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ
Advertisement

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 17 ਮਾਰਚ

Advertisement

ਹਿਮਾਚਲ ਪ੍ਰਦੇਸ਼ ਵਿੱਚ ਕੁਝ ਸ਼ਰਾਰਤੀ ਲੋਕਾਂ ਵੱਲੋਂ ਪੁਲੀਸ ਦੀ ਹਾਜ਼ਰੀ ’ਚ ਸਿੱਖ ਤੇ ਪੰਜਾਬੀ ਨੌਜਵਾਨਾਂ ਵੱਲੋਂ ਲਗਾਏ ਸਿੱਖ ਝੰਡੇ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਪਾੜਣ ਅਤੇ ਪੈਰਾਂ ਹੇਠ ਰੋਲਣ ਦੇ ਮਾਮਲੇ ਦਾ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖ਼ਤ ਨੋਟਿਸ ਲਿਆ ਹੈ।

ਉਨ੍ਹਾਂ ਕਿਹਾ ਕਿ ਇਸ ਨੂੰ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਪੁਲੀਸ ਕਿਸੇ ਨੌਜਵਾਨ ਨੂੰ ਉਨ੍ਹਾਂ ਦੇ ਵਾਹਨ ਦੇ ਕਾਗਜ਼ਾਂ ਦੀ ਜਾਂਚ ਕਰਨ ਲਈ ਰੋਕਦੀ ਹੈ ਤਾਂ ਉਸ ਮੌਕੇ ਕਿਸੇ ਵੀ ਸਥਾਨਕ ਸ਼ਰਾਰਤੀ ਅਨਸਰਾਂ ਦਾ ਕੋਈ ਹੱਕ ਨਹੀਂ ਬਣਦਾ ਕਿ ਉਹ ਸਿੱਖ ਨੌਜਵਾਨਾਂ ਨਾਲ ਜ਼ੋਰ ਜ਼ਬਰਦਸਤੀ ਕਰਨ ਅਤੇ ਉਨ੍ਹਾਂ ਦੇ ਵਾਹਨਾਂ ਉੱਤੇ ਲੱਗੇ ਸਿੱਖਾਂ ਨਾਲ ਸਬੰਧਤ ਝੰਡਿਆਂ ਨੂੰ ਪਾੜਣ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਕਿ ਇਹ ਮਾਮਲਾ ਹਿਮਾਚਲ ਪ੍ਰਦੇਸ਼ ਦੀ ਸਰਕਾਰ ਕੋਲ ਉਠਾਇਆ ਜਾਵੇ।

ਕਾਰਜਕਾਰੀ ਜਥੇਦਾਰ ਨੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਦੋਂ ਉਹ ਹਿਮਾਚਲ ਪ੍ਰਦੇਸ਼ ਜਾਣ ਤਾਂ ਆਪਣੇ ਵਾਹਨਾਂ ਦੇ ਕਾਗਜ਼ ਪੂਰੇ ਰੱਖਣ ਅਤੇ ਇਕੱਲੇ ਸਫ਼ਰ ਕਰਨ ਤੋਂ ਗੁਰੇਜ਼ ਕਰਨ।

ਜਥੇਦਾਰ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਕਿਹਾ ਕਿ ਉਹ ਇਨ੍ਹਾਂ ਘਟਨਾਵਾਂ ਦਾ ਨੋਟਿਸ ਲੈਂਦਿਆਂ ਸੂਬੇ ਦੀ ਪੁਲੀਸ ਨੂੰ ਕਾਨੂੰਨ ਅਨੁਸਾਰ ਜ਼ਾਬਤਾ ਕਾਇਮ ਰੱਖਣ ਲਈ ਆਦੇਸ਼ ਦੇਣ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹਰ ਧਰਮ ਤੇ ਫਿਰਕੇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਹੈ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਹਰ ਇੱਕ ਨੂੰ ਧਾਰਮਿਕ ਅਜ਼ਾਦੀ ਅਤੇ ਵਿਚਾਰਾਂ ਦੇ ਪ੍ਰਗਟਾਵੇ ਦਾ ਅਧਿਕਾਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਹਮੇਸ਼ਾ ਹੀ ਦੇਸ਼ ਦੀ ਤਰੱਕੀ ਵਾਸਤੇ ਯੋਗਦਾਨ ਪਾਇਆ ਹੈ।

Advertisement