PUNJAB FLOODS: ਹੜ੍ਹ ਪੀੜਤਾਂ ਦੀ ਮਦਦ ਲਈ ਆਏ ‘ਪੰਜਾਬੀ ਗਾਇਕ’
ਪੰਜਾਬ ਵਿੱਚ ਲਗਾਤਾਰ ਹੜ੍ਹਾਂ ਕਰਕੇ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ। ਸਿਆਸੀ ਆਗੂਆਂ ਸਣੇ ਸੇਵਾ ਸੰਸਥਾਵਾਂ ਵੱਲੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਇਸ ਵਿਚਕਾਰ ਹੁਣ ਪੰਜਾਬੀ ਗਾਇਕ ਜ਼ਮੀਨੀ ਪੱਧਰ 'ਤੇ ਰਾਹਤ ਸਮੱਗਰੀ ਅਤੇ ਫੰਡ ਦਾਨ ਕਰਨ ਲਈ ਅੱਗੇ ਆਏ ਹਨ।
ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਇੱਕ ਵੱਡੀ ਪਹਿਲਕਦਮੀ ਕਰਦਿਆਂ ਲਗਭਗ 500 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ। ਉਨ੍ਹਾਂ ਕਿਹਾ ਕਿ ਇਸ ਔਖੇ ਸਮੇਂ ਵਿੱਚ ਸਾਰਿਆਂ ਨੂੰ ਇਨਸਾਨੀਅਤ ਦੇ ਨਾਤੇ ਪੀੜਤਾਂ ਦੇ ਨਾਲ ਖੜ੍ਹਾ ਹੋਣਾ ਚਾਹੀਦਾ ਹੈ।
ਦਿਲਜੀਤ ਦੁਸਾਂਝ ਦੀ ਮੈਨੇਜਰ ਸੋਨਾਲੀ ਸਿੰਘ ਰਾਹਤ ਸਮੱਗਰੀ ਅਤੇ ਜ਼ਰੂਰੀ ਵਸਤਾਂ ਦੀ ਮਦਦ ਲਈ ਆਪਣੀ ਟੀਮ ਸਮੇਤ ਅੰਮ੍ਰਿਤਸਰ ਪਹੁੰਚ ਗਈ ਹੈ।ਗਾਇਕ ਗੁਰੂ ਰੰਧਾਵਾ ਨੇ ਵੀ ਡੇਰਾ ਬਾਬਾ ਨਾਨਕ ਅਤੇ ਪਿੰਡ ਧਾਰੋਵਾਲੀ ਵਿਖੇ ਰਾਹਤ ਕੈਂਪ ਲਗਾਇਆ ਹੈ।
ਇਸ ਦੌਰਾਨ ਪੰਜਾਬੀ ਗਾਇਕ ਕਰਨ ਔਜਲਾ ਨੇ ਵੀ ਲੁਧਿਆਣਾ ਸਥਿਤ ਐਨਜੀਓ ‘ਇਨੀਸ਼ੀਏਟਰਜ਼ ਆਫ ਚੇਂਜ’ ਨੂੰ ਇੱਕ ਮੋਟਰ ਬੋਟ ਦਾਨ ਕੀਤੀ ਹੈ ਤਾਂ ਜੋ ਵਲੰਟੀਅਰ ਬੱਦਲ ਪ੍ਰਭਾਵਿਤ ਖੇਤਰਾਂ ਤੱਕ ਪਹੁੰਚ ਸਕਣ ਅਤੇ ਸਮੇਂ ਸਿਰ ਰਾਹਤ ਪ੍ਰਦਾਨ ਕਰ ਸਕਣ।
ਵੇਰਵੇ ਸਾਂਝੇ ਕਰਦਿਆਂ ‘ਇਨੀਸ਼ੀਏਟਰਜ਼ ਆਫ ਚੇਂਜ’ ਦੇ ਸੰਸਥਾਪਕ ਗੌਰਵਦੀਪ ਸਿੰਘ ਨੇ ‘ਦਿ ਟ੍ਰਿਬਿਊਨ’ ਨੂੰ ਦੱਸਿਆ ਕਿ ਔਜਲਾ ਨੇ ਐਨਜੀਓ ਦੇ ਇੰਸਟਾਗ੍ਰਾਮ ਹੈਂਡਲ ਨੂੰ ਦੇਖਿਆ ਅਤੇ ਨਿੱਜੀ ਤੌਰ ’ਤੇ ਉਨ੍ਹਾਂ ਨਾਲ ਸੰਪਰਕ ਕੀਤਾ।
ਗੌਰਵਦੀਪ ਨੇ ਦੱਸਿਆ ,“ ਅਸੀਂ ਔਜਲਾਂ ਨੁੂੰ ਦੱਸਿਆ ਕਿ ਸਾਨੁੂੰ ਅਜਨਾਲਾ, ਫਾਜ਼ਿਲਕਾ ਅਤੇ ਰਾਮਦਾਸ ਖੇਤਰਾਂ ਤੱਕ ਪਹੁੰਚਣ ਲਈ ਤੁਰੰਤ ਇੱਕ ਮੋਟਰ ਬੋਟ ਦੀ ਲੋੜ ਹੈ। ਸਾਡੇ ਕੋਲ ਪੂਰੇ ਫੰਡ ਨਹੀਂ ਸਨ ਅਤੇ ਬੋਟ ਦੀ ਕੀਮਤ ਲਗਭਗ 3.5 ਲੱਖ ਰੁਪਏ ਸੀ। ਗਾਇਕ ਨੇ ਤੁਰੰਤ ਫੰਡ ਦਾ ਪ੍ਰਬੰਧ ਕੀਤਾ ਅਤੇ ਹਾਲ ਹੀ ਵਿੱਚ ਛੇ ਸੀਟਾਂ ਵਾਲੀ ਬੋਟ ਨੂੰ ਕੋਲਕਾਤਾ ਤੋਂ ਹਵਾਈ ਜਹਾਜ਼ ਰਾਹੀਂ ਮੰਗਵਾਇਆ ਗਿਆ। ਇਹ ਬੋਟ 600 ਕਿਲੋ ਤੱਕ ਦਾ ਭਾਰ ਸਹਿਣ ਕਰ ਸਕਦੀ ਹੈ ਅਤੇ ਵਲੰਟੀਅਰ ਹੁਣ ਇਸ ਬੋਟ ਦੀ ਵਰਤੋਂ ਕਰਕੇ ਬੱਦਲ ਪ੍ਰਭਾਵਿਤ ਪਿੰਡਾਂ ਵਿੱਚ ਰਾਸ਼ਨ ਵੰਡ ਰਹੇ ਹਨ।”
ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ NGO ਦੇ ਲਗਭਗ 60-70 ਵਾਲੰਟੀਅਰ ਪੀੜਤਾਂ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਬਹੁਤ ਸਾਰੇ ਪ੍ਰਵਾਸੀ ਭਾਰਤੀ ਵੀ ਪਿੰਡਾਂ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਖੁੱਲ੍ਹੇ ਦਿਲ ਨਾਲ ਯੋਗਦਾਨ ਪਾ ਰਹੇ ਹਨ।
ਉਨ੍ਹਾਂ ਤੋਂ ਇਲਾਵਾ ਇੰਦਰਜੀਤ ਨਿੱਕੂ, ਜੱਸ ਬਾਜਵਾ ਨੇ ਵੀ ਬਚਾਅ ਕਾਰਜਾਂ ਲਈ ਰਾਹਤ ਅਤੇ ਸਹਾਇਤਾ ਦਾ ਐਲਾਨ ਕੀਤਾ ਹੈ।