DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੋਕਾਂ ਵੱਲੋਂ ਕੇਂਦਰੀ ਜੇਲ੍ਹ ਵਿੱਚ ਜੈਮਰ ਲਾਉਣ ਦਾ ਵਿਰੋਧ

ਟ੍ਰਿਬਿਉੂਨ ਨਿਊਜ਼ ਸਰਵਿਸ ਅੰਮ੍ਰਿਤਸਰ, 2 ਸਤੰਬਰ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਜੈਮਰ ਲਾਉਣ ਕਾਰਨ ਇੱਥੇ ਨੇੜਲੀਆਂ ਕਲੋਨੀਆਂ ਦੇ ਵਸਨੀਕਾਂ ਨੇ ਉਨ੍ਹਾਂ ਦੇ ਮੋਬਾਈਲ ਦੇ ਸਿਗਨਲ ਨਾ ਆਉਣ ਕਾਰਨ ਜੇਲ੍ਹ ਪ੍ਰਸ਼ਾਸਨ ਖਿਲਾਫ ਧਰਨਾ ਦਿੱਤਾ। ਜ਼ਿਲ੍ਹਾ ਭਾਜਪਾ ਵੱਲੋਂ ਧਰਨੇ ਦਾ ਸਮਰਥਨ ਕੀਤਾ ਗਿਆ।...
  • fb
  • twitter
  • whatsapp
  • whatsapp
featured-img featured-img
ਕੇਂਦਰੀ ਜੇਲ੍ਹ ਪ੍ਰਸ਼ਾਸਨ ਖਿਲਾਫ ਦਿੱਤੇ ਧਰਨੇ ਵਿੱਚ ਸ਼ਾਮਲ ਭਾਜਪਾ ਆਗੂ ਤੇ ਹੋਰ।
Advertisement

ਟ੍ਰਿਬਿਉੂਨ ਨਿਊਜ਼ ਸਰਵਿਸ

ਅੰਮ੍ਰਿਤਸਰ, 2 ਸਤੰਬਰ

Advertisement

ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਜੈਮਰ ਲਾਉਣ ਕਾਰਨ ਇੱਥੇ ਨੇੜਲੀਆਂ ਕਲੋਨੀਆਂ ਦੇ ਵਸਨੀਕਾਂ ਨੇ ਉਨ੍ਹਾਂ ਦੇ ਮੋਬਾਈਲ ਦੇ ਸਿਗਨਲ ਨਾ ਆਉਣ ਕਾਰਨ ਜੇਲ੍ਹ ਪ੍ਰਸ਼ਾਸਨ ਖਿਲਾਫ ਧਰਨਾ ਦਿੱਤਾ। ਜ਼ਿਲ੍ਹਾ ਭਾਜਪਾ ਵੱਲੋਂ ਧਰਨੇ ਦਾ ਸਮਰਥਨ ਕੀਤਾ ਗਿਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਅਤੇ ਡਾਕਟਰ ਰਾਮ ਚਾਵਲਾ ਤੇ ਹੋਰ ਭਾਜਪਾ ਆਗੂਆਂ ਨੇ ਧਰਨੇ ਵਿੱਚ ਸ਼ਾਮਲ ਹੋ ਕੇ ਧਰਨਾਕਾਰੀਆਂ ਦੀ ਮੰਗ ਦਾ ਸਮਰਥਨ ਕੀਤਾ। ਜਾਣਕਾਰੀ ਅਨੁਸਾਰ ਇੱਥੇ ਫਤਾਹਪੁਰ ਅੱਡੇ ਵਿਖੇ ਲਾਏ ਗਏ ਧਰਨੇ ’ਚ ਵੱਖ-ਵੱਖ ਕਲੋਨੀਆਂ ਫਤਾਹਪੁਰ, ਭਰਾੜੀਵਾਲ, ਵਾਹਿਗੁਰੂ ਸਿਟੀ, ਠਾਕੁਰ ਜੀ ਸਿਟੀ ਤੇ ਦਸਮੇਸ਼ ਵਿਹਾਰ ਆਦਿ ਕਲੋਨੀਆਂ ਦੇ ਵਸਨੀਕਾਂ ਨੇ ਸ਼ਮੂਲੀਅਤ ਕੀਤੀ। ਪ੍ਰਦਰਸ਼ਨਕਾਰੀਆਂ ਨੇ ਆਖਿਆ ਕਿ ਕੇਂਦਰੀ ਜੇਲ੍ਹ ਇੱਥੇ ਤਬਦੀਲ ਹੋਣ ਤੋਂ ਪਹਿਲਾਂ ਇਹ ਕਲੋਨੀਆਂ ਇੱਥੇ ਸਥਾਪਤ ਸਨ ਅਤੇ ਇਹ ਲੋਕ ਇੱਥੇ ਰਹਿ ਰਹੇ ਸਨ। ਪੰਜਾਬ ਸਰਕਾਰ ਵੱਲੋਂ ਕੁਝ ਸਾਲ ਪਹਿਲਾਂ ਹੀ ਅਜਨਾਲਾ ਰੋਡ ’ਤੇ ਬਣੀ ਕੇਂਦਰੀ ਜੇਲ੍ਹ ਨੂੰ ਇਸ ਇਲਾਕੇ ਵਿੱਚ ਤਬਦੀਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਦੇ ਅੰਦਰ ਮੋਬਾਈਲ ਜੈਮਰ ਲਾਇਆ ਗਿਆ ਹੈ, ਜਿਸ ਨਾਲ ਇਸ ਇਲਾਕੇ ਦੇ ਲੋਕਾਂ ਦੇ ਮੋਬਾਈਲ ਚੱਲਣੋਂ ਬੰਦ ਹੋ ਗਏ ਹਨ। ਲੋਕਾਂ ਨੇ ਇਸ ਬਾਰੇ ਕਈ ਵਾਰ ਜੇਲ੍ਹ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਪਰ ਇਸ ਦਾ ਕੋਈ ਹੱਲ ਨਹੀਂ ਕੀਤਾ।

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ ਅਤੇ ਡਾਕਟਰ ਰਾਮ ਚਾਵਲਾ ਨੇ ਆਖਿਆ ਕਿ ਭਾਜਪਾ ਲੋਕਾਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਇੱਥੇ ਲਾਏ ਗਏ ਮੋਬਾਈਲ ਜੈਮਰ ਇਥੇ ਨੇੜਲੀਆਂ ਕਲੋਨੀਆਂ ਦੇ ਲੋਕਾਂ ਲਈ ਮੁਸ਼ਕਿਲ ਦਾ ਸਬੱਬ ਬਣ ਗਏ। ਜੇਲ੍ਹ ਪ੍ਰਸ਼ਾਸਨ ਨੇ ਬਿਨਾਂ ਕਿਸੇ ਕਾਰਨ ਇੱਥੇ ਕਲੋਨੀਆਂ ਦੇ ਲੋਕਾਂ ਨੂੰ ਸਜ਼ਾ ਦਿੱਤੀ ਹੈ। ਭਾਜਪਾ ਆਗੂਆਂ ਨੇ ਦੱਸਿਆ ਕਿ ਐੱਸਡੀਐੱਮ ਲੋਕਾਂ ਦੀ ਸਮੱਸਿਆ ਹੱਲ ਕਰਨ ਲਈ ਮੌਕੇ ’ਤੇ ਪੁੱਜੇ ਸਨ, ਜਿਨ੍ਹਾਂ ਨੇ ਲੋਕਾਂ ਨੂੰ ਇੱਕ ਹਫਤੇ ਵਿੱਚ ਸਮੱਸਿਆ ਹੱਲ ਕਰਾਉਣ ਦਾ ਭਰੋਸਾ ਦਿੱਤਾ।

ਉਨ੍ਹਾਂ ਨੇ ਲੋਕਾਂ ਨੂੰ ਆਖਿਆ ਕਿ ਉਹ ਇੱਕ ਦਸ ਮੈਂਬਰੀ ਕਮੇਟੀ ਦਾ ਗਠਨ ਕਰਨ, ਜਿਸ ਦੀ ਮੁਲਾਕਾਤ ਜਲਦੀ ਹੀ ਡਿਪਟੀ ਕਮਿਸ਼ਨਰ ਨਾਲ ਕਰਵਾਈ ਜਾਵੇਗੀ। ਇਸ ਮੌਕੇ ਧਰਮਵੀਰ ਸਰੀਨ, ਗੁਰਰਾਜ ਸਿੰਘ ਸਮਰਾ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਪੰਕਜ ਅਰੋੜਾ, ਬਾਬਾ ਪਰਮਜੀਤ ਸਿੰਘ ਖਾਲਸਾ, ਟਹਿਲ ਸਿੰਘ ਲਖਵਿੰਦਰ ਸਿੰਘ, ਵਿਸ਼ਾਲ ਗਰੋਵਰ, ਮਨਜਿੰਦਰ ਸਿੰਘ, ਰਣਜੀਤ ਸਿੰਘ ਤੇ ਹੋਰ ਹਾਜ਼ਰ ਸਨ।

Advertisement
×