DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Pakistan: ਰਾਵੀ ਦਰਿਆ ਵਿਚ ਡੁੱਬਿਆ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਇਕ ਹਿੱਸਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਅਤੇ ਸੇਵਾਦਾਰ ਸੁਰੱਖਿਅਤ; ਕਰਤਾਰਪੁਰ ਸਾਹਿਬ-ਨਾਰੋਵਾਲ ਸੜਕ ’ਤੇ ਪਾਣੀ ਭਰਨ ਕਾਰਨ ਆਵਾਜਾਈ ਠੱਪ; ਬਚਾਅ ਕਾਰਜਾਂ ਤਹਿਤ 30 ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢਿਆ

  • fb
  • twitter
  • whatsapp
  • whatsapp
Advertisement
Kartarpur Sahib Flood: ਪਾਕਿਸਤਾਨ ਵਿੱਚ ਰਾਵੀ ਦਰਿਆ ਵਿੱਚ ਛੱਡੇ ਗਏ ਪਾਣੀ ਕਾਰਨ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦਾ ਵੱਡਾ ਹਿੱਸਾ ਹੜ੍ਹਾਂ ਵਿੱਚ ਡੁੱਬ ਗਿਆ ਹੈ। ਸਿੱਖ ਸ਼ਰਧਾਲੂਆਂ ਲਈ ਆਸਥਾ ਦਾ ਕੇਂਦਰ ਇਹ ਪਵਿੱਤਰ ਸਥਾਨ ਇਸ ਸਮੇਂ ਹੜ੍ਹਾਂ ਦੇ ਪਾਣੀ ਵਿੱਚ ਡੁੱਬਿਆ ਹੋਇਆ ਹੈ।

ਗੁਰਦੁਆਰੇ ਦੇ ਅਹਾਤੇ ਵਿੱਚ ਦੋ ਤੋਂ ਤਿੰਨ ਫੁੱਟ ਤੱਕ ਪਾਣੀ ਇਕੱਠਾ ਹੋ ਗਿਆ ਹੈ। ਦਰਬਾਰ ਸਾਹਿਬ ਦੀਆਂ ਮੁੱਖ ਪੌੜੀਆਂ ਦੀਆਂ ਚਾਰ ਪੌੜੀਆਂ ਪਾਣੀ ਵਿੱਚ ਡੁੱਬ ਗਈਆਂ ਹਨ ਅਤੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਬਾਹਰ ਸਥਿਤ ਮਜ਼ਾਰ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ, ਜਦੋਂ ਕਿ ਜ਼ਮੀਨੀ ਮੰਜ਼ਿਲ ’ਤੇ ਬਣੀ ਸਮਾਧ ਵੀ ਪਾਣੀ ਵਿੱਚ ਡੁੱਬ ਗਈ ਹੈ।

Advertisement

Advertisement

ਹਾਲਾਂਕਿ ਰਾਹਤ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਅਤੇ ਸੇਵਾਦਾਰ ਸੁਰੱਖਿਅਤ ਹਨ, ਜਿਨ੍ਹਾਂ ਨੂੰ ਉੱਪਰਲੀ ਮੰਜ਼ਿਲ ’ਤੇ ਰੱਖਿਆ ਗਿਆ ਹੈ। ਹੜ੍ਹ ਨੇ ਗੁਰਦੁਆਰੇ ਦੇ ਆਲੇ-ਦੁਆਲੇ ਦੇ ਪਿੰਡਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਕਰਤਾਰਪੁਰ ਸਾਹਿਬ-ਨਾਰੋਵਾਲ ਸੜਕ ’ਤੇ ਪਾਣੀ ਭਰਨ ਕਾਰਨ ਆਵਾਜਾਈ ਠੱਪ ਹੋ ਗਈ ਹੈ ਅਤੇ ਲੋਕਾਂ ਦਾ ਆਮ ਜੀਵਨ ਪ੍ਰਭਾਵਿਤ ਹੋਇਆ ਹੈ।

ਕਾਬਿਲੇਗੌਰ ਹੈ ਕਿ ਕਰਤਾਰਪੁਰ ਲਾਂਘਾ, ਜੋ ਭਾਰਤ ਦੇ ਡੇਰਾ ਬਾਬਾ ਨਾਨਕ (ਪੰਜਾਬ) ਨੂੰ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਨਾਲ ਜੋੜਦਾ ਹੈ ਅਤੇ 2019 ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ’ਤੇ ਖੋਲ੍ਹਿਆ ਗਿਆ ਸੀ, 22 ਅਪਰੈਲ 2025 ਤੋਂ ਬੰਦ ਹੈ। ਜੰਮੂ-ਕਸ਼ਮੀਰ ਵਿੱਚ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਸਰਹੱਦ ਪਾਰ ਆਵਾਜਾਈ ’ਤੇ ਪਾਬੰਦੀ ਲਗਾ ਦਿੱਤੀ ਸੀ।

ਰਾਵੀ ਦਰਿਆ ਵਿੱਚ ਆਏ ਹੜ੍ਹ ਨੇ ਲਹਿੰਦੇ ਪੰਜਾਬ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਅਤੇ ਇਸ ਦੇ ਲਾਂਘੇ ਨੂੰ ਵੀ ਪ੍ਰਭਾਵਿਤ ਕੀਤਾ ਹੈ। ਹੜ੍ਹ ਦਾ ਪਾਣੀ ਗੁਰਦੁਆਰਾ ਕੈਂਪਸ ਦੇ ਅੰਦਰ ਦਾਖਲ ਹੋ ਗਿਆ ਜਿਥੇ 30 ਲੋਕ ਫਸੇ ਗਏੇ। ਪਾਕਿਸਤਾਨ ਸਰਕਾਰ ਵੱਲੋਂ ਉੱਥੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਅਤੇ ਲਗਪਗ 30 ਵਿਅਕਤੀਆਂ ਨੂੰ ਗੁਰਦੁਆਰਾ ਸਾਹਿਬ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ।

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਉਥੋਂ ਦੇ ਘੱਟ ਗਿਣਤੀ ਮਾਮਲਿਆਂ ਦੇ ਸੂਬਾਈ ਮੰਤਰੀ ਰਮੇਸ਼ ਅੰਦਰ ਸਿੰਘ ਅਰੋੜਾ ਚੱਲ ਰਹੇ ਬਚਾਅ ਕਾਰਜਾਂ ਤਹਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਪੁੱਜੇ। ਉਨ੍ਹਾਂ ਦੇ ਨਾਲ ਨਾਰੋਵਾਲ ਦੇ ਡਿਪਟੀ ਕਮਿਸ਼ਨਰ ਸਈਦ ਹਸਨ ਰਜਾ ਅਤੇ ਬਚਾਅ ਟੀਮ ਸ਼ਾਮਿਲ ਸੀ ਉਨ੍ਹਾਂ ਨੇ ਬਚਾਅ ਟੀਮ ਦੀ ਕਿਸ਼ਤੀ ਨਾਲ ਪਾਣੀ ਵਿੱਚ ਘਿਰੇ 30 ਸ਼ਰਧਾਲੂਆਂ ਨੂੰ ਸਫਲਤਾ ਪੂਰਵਕ ਸੁਰੱਖਿਅਤ ਬਾਹਰ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਬਾਕੀ ਪ੍ਰਭਾਵਿਤ ਲੋਕਾਂ ਨੂੰ ਵੀ ਜਲਦੀ ਹੀ ਸੁਰੱਖਿਅਤ ਥਾਵਾਂ ਤੇ ਤਬਦੀਲ ਕਰ ਦਿੱਤਾ ਜਾਵੇਗਾ। ਉਹ ਖੁਦ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ ਅਤੇ ਕਿਹਾ ਕਿ ਇਸ ਕਾਰਜ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਦੌਰਾਨ ਸ੍ਰੀ ਅਰੋੜਾ ਨੇ ਨਾਰੋਵਾਲ ਦੇ ਹੜ੍ਹ ਪ੍ਰਭਾਵਿਤ ਹੋਰ ਇਲਾਕਿਆਂ ਦਾ ਵੀ ਦੌਰਾ ਕੀਤਾ ਅਤੇ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਸਰਕਾਰ, ਫੌਜ ਦੇ ਜਵਾਨਾਂ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਤੁਰੰਤ ਬਚਾਅ ਕਾਰਜ ਆਰੰਭ ਦਿੱਤਾ ਗਏ ਸਨ ਅਤੇ ਇਸ ਮਾਮਲੇ ਵਿੱਚ ਹੋਰ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਹੈ। ਸਿੱਖ ਆਗੂ ਨੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਨੂੰ ਪਾਕਿਸਤਾਨ ਦੇ ਹੜ੍ਹ ਪੀੜਤਾਂ ਨਾਲ ਇੱਕਜੁੱਟਤਾ ਨਾਲ ਖੜ੍ਹੇ ਹੋਣ ਦੀ ਅਪੀਲ ਕੀਤੀ ਹੈ।

ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਨੂੰ ਸੁਰੱਖਿਅਤ ਲੈ ਜਾਂਦੀ ਹੋਈ ਬਚਾਅ ਟੀਮ।

Advertisement
×