DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Pahalgam terror attack ਜੰਗ ਦੇ ਖ਼ਦਸ਼ੇ ਦਰਮਿਆਨ ਸਰਹੱਦੀ ਖੇਤਰ ’ਚ ਤਣਾਅ ਵਾਲਾ ਮਾਹੌਲ

ਬੀਐੱਸਐੱਫ ਅਧਿਕਾਰੀ ਨੇ ਗੁਮਰਾਹੁਕਨ ਪ੍ਰਚਾਰ ਤੋਂ ਬਚਣ ਦੀ ਦਿੱਤੀ ਸਲਾਹ; ਸਰਹੱਦ ਰਸਤੇ ਵਤਨ ਵਾਪਸੀ ਦਾ ਸਿਲਸਿਲਾ ਜਾਰੀ
  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ।
Advertisement

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 26 ਅਪਰੈਲ

Advertisement

Punjab news ਪਾਕਿਸਤਾਨ ਨਾਲ ਲੱਗਦੀ ਭਾਰਤੀ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਾਰਲੀ ਜ਼ਮੀਨ ਉੱਤੇ ਫ਼ਸਲ ਦੀ ਕਟਾਈ ਦਾ ਕੰਮ ਦੋ ਦਿਨਾਂ ਵਿੱਚ ਮੁਕੰਮਲ ਕਰ ਲੈਣ ਦੀ ਚਰਚਾ ਦਰਮਿਆਨ ਸਰਹੱਦੀ ਖੇਤਰ ਦੇ ਲੋਕਾਂ ਵਿੱਚ ਜੰਗ ਸ਼ੁਰੂ ਹੋਣ ਦੇ ਖ਼ਦਸ਼ਿਆਂ ਕਰਕੇ ਤਣਾਅ ਵਾਲਾ ਮਾਹੌਲ ਹੈ। ਇਸ ਦੌਰਾਨ ਅਟਾਰੀ ਸਰਹੱਦ ਰਸਤੇ ਦੋਵਾਂ ਦੇਸ਼ਾਂ ਤੋਂ ਨਾਗਰਿਕਾਂ ਦੀ ਆਪੋ ਆਪਣੇ ਮੁਲਕਾਂ ਵਿੱਚ ਵਾਪਸੀ ਦਾ ਸਿਲਸਿਲਾ ਅੱਜ ਵੀ ਚਲਦਾ ਰਿਹਾ ਹੈ।

ਸਰਹੱਦੀ ਖੇਤਰ ਦੇ ਕਿਸਾਨਾਂ ਨੇ ਦੱਸਿਆ ਕਿ ਵੱਖ-ਵੱਖ ਥਾਵਾਂ ’ਤੇ ਮੁਨਿਆਦੀ ਕੀਤੀ ਗਈ ਹੈ ਕਿ ਕੰਡਿਆਲੀ ਤਾਰ ਤੋਂ ਪਾਰਲੀ ਜ਼ਮੀਨ ਵਿੱਚ ਲੱਗੀ ਕਣਕ ਦੀ ਫਸਲ ਦੀ ਕਟਾਈ ਦੋ ਦਿਨਾਂ ਵਿੱਚ ਮੁਕੰਮਲ ਕਰ ਲਈ ਜਾਵੇ। ਜੇਕਰ ਕਣਕ ਦੀ ਫਸਲ ਕੱਟੀ ਜਾ ਚੁੱਕੀ ਹੈ ਤਾਂ ਉਸ ਦੀ ਰਹਿੰਦ-ਖੂੰਹਦ ਨੂੰ ਵੀ ਸਾਫ ਕਰ ਲਿਆ ਜਾਵੇ। ਕਿਸਾਨਾਂ ਨੇ ਦੱਸਿਆ ਕਿ ਕੰਡਿਆਲੀ ਤਾਰ ਤੋਂ ਇਧਰਲੇ ਪਾਸੇ ਵਧੇਰੇ ਥਾਵਾਂ ’ਤੇ ਫਸਲ ਪਹਿਲਾਂ ਹੀ ਕੱਟੀ ਜਾ ਚੁੱਕੀ ਹੈ ਅਤੇ ਕੰਡਿਆਲੀ ਤਾਰ ਤੋਂ ਪਾਰ ਵੀ ਕਈ ਥਾਵਾਂ ’ਤੇ ਫਸਲ ਦੀ ਕਟਾਈ ਜਾਰੀ ਹੈ।

ਕਿਸਾਨ ਆਗੂ ਜਤਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਸਰਹੱਦੀ ਪਿੰਡ ਦੇ ਕਿਸਾਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਗੁਰਦੁਆਰੇ ਆਦਿ ਤੋਂ ਮੁਨਿਆਦੀ ਕਰਵਾਈ ਗਈ ਹੈ ਕਿ ਦੋ ਦਿਨਾਂ ਵਿੱਚ ਕੰਡਿਆਲੀ ਤਾਰ ਤੋਂ ਪਾਰਲੀ ਜ਼ਮੀਨ ਵਿੱਚ ਲੱਗੀ ਫਸਲ ਜਾਂ ਰਹਿੰਦ-ਖੂੰਹਦ ਦੀ ਕਟਾਈ ਦਾ ਕੰਮ ਮੁਕੰਮਲ ਕਰ ਲਿਆ ਜਾਵੇ, ਜਿਸ ਕਾਰਨ ਫਸਲ ਦੀ ਕਟਾਈ ਦੇ ਕੰਮ ਵਿੱਚ ਤੇਜ਼ੀ ਆ ਗਈ ਹੈ।

ਕਿਸਾਨ ਆਗੂ ਰਤਨ ਸਿੰਘ ਰੰਧਾਵਾ ਨੇ ਦੱਸਿਆ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਵਿੱਚ ਜੰਗ ਲੱਗਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਕਰੀਬ 550 ਕਿਲੋਮੀਟਰ ਲੰਮੀ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਾਰ ਲਗਪਗ 30 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਹੈ। ਉਨ੍ਹਾਂ ਕਿਹਾ ਕਿ ਜੰਗ ਦੇ ਖਦਸ਼ੇ ਕਰਕੇ ਲੋਕ ਭੈਭੀਤ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਮਸਲੇ ਦਾ ਹੱਲ ਜੰਗ ਦੀ ਥਾਂ ਗੱਲਬਾਤ ਰਾਹੀਂ ਹੋਣਾ ਚਾਹੀਦਾ ਹੈ। ਜੰਗ ਦਾ ਮਤਲਬ ਉਜਾੜਾ ਹੈ ਅਤੇ ਇਹ ਉਜਾੜਾ ਸਰਹੱਦੀ ਖੇਤਰ ਦੇ ਲੋਕ ਕਈ ਵਾਰ ਦੇਖ ਚੁੱਕੇ ਹਨ।

ਦੂਜੇ ਪਾਸੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਬੀਐੱਸਐੱਫ ਦੇ ਆਈਜੀ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਬੀਐਸਐਫ ਨੇ ਪਿੰਡਾਂ ਵਿੱਚ ਅਜਿਹੀ ਕੋਈ ਮੁਨਿਆਦੀ ਨਹੀਂ ਕਰਵਾਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਗੁਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਿਹਾ ਜਾਵੇ।

ਇਸ ਦੌਰਾਨ ਅਟਾਰੀ ਸਰਹੱਦ ’ਤੇ ਅੱਜ ਵੀ ਦੋਵਾਂ ਮੁਲਕਾਂ ਦੇ ਨਾਗਰਿਕਾਂ ਦੀ ਵਤਨ ਵਾਪਸੀ ਲਈ ਆਵਾਜਾਈ ਦਾ ਸਿਲਸਿਲਾ ਸ਼ਾਮ ਤੱਕ ਜਾਰੀ ਰਿਹਾ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਵਾਲੇ ਪਾਸਿਓਂ ਅੱਜ ਲਗਪਗ 340 ਭਾਰਤੀ ਨਾਗਰਿਕ ਵਾਪਸ ਭਾਰਤ ਪਰਤੇ ਹਨ ਜਦੋਂ ਕਿ 80 ਪਾਕਿਸਤਾਨੀ ਨਾਗਰਿਕਾਂ ਨੇ ਭਾਰਤ ਵਿੱਚੋਂ ਵਤਨ ਵਾਪਸੀ ਕੀਤੀ ਹੈ।

Advertisement
×