DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Pahalgam terror attack- ਰੀਟਰੀਟ ਸੈਰੇਮਨੀ ਦੌਰਾਨ ਰੋਸ ਵਜੋਂ ਭਾਰਤ ਵਾਲੇ ਪਾਸੇ ਗੇਟ ਬੰਦ ਰੱਖੇ, ਸੁਰੱਖਿਆ ਬਲਾਂ ਨੇ ਪਾਕਿ ਰੇਂਜਰਾਂ ਨਾਲ ਹੱਥ ਵੀ ਨਹੀਂ ਮਿਲਾਏ

ਅਟਾਰੀ ਸਰਹੱਦ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ
  • fb
  • twitter
  • whatsapp
  • whatsapp
featured-img featured-img
ਅਟਾਰੀ ਵਾਹਗਾ ਸਰਹੱਦ ’ਤੇ ਰੀਟਰੀਟ ਰਸਮ ਦੀ ਫਾਈਲ ਫੋਟੋ।
Advertisement

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 24 ਅਪਰੈਲ

Advertisement

ਪਹਿਲਗਾਮ ਵਿੱਚ ਦਹਿਸ਼ਤੀ ਹਮਲੇ ਦੇ ਰੋਸ ਵਜੋਂ ਪਾਕਿਸਤਾਨ ਖਿਲਾਫ਼ ਸਖਤ ਵਤੀਰਾ ਅਪਣਾਉਂਦਿਆਂ ਭਾਰਤ ਵੱਲੋਂ ਅਪਣਾਈ ਰਣਨੀਤੀ ਤਹਿਤ ਅੱਜ ਇੱਥੇ ਸ਼ਾਮ ਵੇਲੇ ਅਟਾਰੀ ਸਰਹੱਦ ਵਿਖੇ ਝੰਡਾ ਉਤਾਰਨ ਦੀ ਰਸਮ ਤਾਂ ਹੋਈ, ਪਰ ਇਸ ਦੌਰਾਨ ਰਸਮ ਵੇਲੇ ਗੇਟ ਬੰਦ ਰੱਖਿਆ ਗਿਆ ਹੈ ਅਤੇ ਪਹਿਲਾਂ ਵਾਂਗ ਪਾਕਿਸਤਾਨੀ ਰੇਂਜਰਾਂ ਨਾਲ ਆਪਸ ਵਿੱਚ ਹੱਥ ਵੀ ਨਹੀਂ ਮਿਲਾਏ ਗਏ। ਬੀਐੱਸਐੱਫ ਪੰਜਾਬ ਫਰੰਟੀਅਰ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਰਾਹੀਂ ਇਸ ਦੀ ਪੁਸ਼ਟੀ ਕੀਤੀ ਹੈ। ਪੋਸਟ ਵਿਚ ਕਿਹਾ ਗਿਆ ਕਿ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਲਏ ਫੈਸਲੇ ਤਹਿਤ ਪੰਜਾਬ ਦੀ ਸਰਹੱਦ ਵਿੱਚ ਆਉਂਦੇ ਅਟਾਰੀ ਸਰਹੱਦ,  ਹੁਸੈਨੀ ਵਾਲਾ ਸਰਹੱਦ ਅਤੇ ਸਾਧਕੀ ਸਰਹੱਦ ’ਤੇ ਰੀਟਰੀਟ ਸੈਰੇਮਨੀ ਵੇਲੇ ਸਮਾਗਮਾਂ ਨੂੰ ਠੰਡਾ ਅਤੇ ਸੁਸਤ ਬਣਾ ਦਿੱਤਾ ਗਿਆ ਹੈ, ਜਿਸ ਵਿੱਚ ਪਹਿਲਾਂ ਵਾਂਗ ਉਤਸ਼ਾਹ ਨਹੀਂ ਰਹੇਗਾ। ਇਹ ਸਾਰੀ ਪ੍ਰਤਿਕਿਰਿਆ ਰੋਸ ਵਜੋਂ ਕੀਤੀ ਗਈ ਹੈ।

ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਕੁਝ ਬਦਲਾਅ ਕੀਤੇ ਗਏ ਹਨ, ਜਿਸ ਤਹਿਤ ਝੰਡਾ ਉਤਾਰਨ ਦੀ ਰਸਮ ਸਮੇਂ ਭਾਰਤੀ ਗਾਰਡ ਕਮਾਂਡਰ ਵੱਲੋਂ ਆਪਣੇ ਹਮਰੁਤਬਾ ਪਾਕਿਸਤਾਨੀ ਗਾਰਡ ਕਮਾਂਡਰ ਨਾਲ ਹੱਥ ਮਿਲਾਉਣ ਦੀ ਰਸਮ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਇਸ ਰਸਮ ਮੌਕੇ ਗੇਟ ਵੀ ਬੰਦ ਰੱਖੇ ਜਾਣਗੇ। ਇਹ ਫੈਸਲਾ ਪੰਜਾਬ ਦੀਆਂ ਤਿੰਨਾਂ ਸਰਹੱਦੀ ਚੌਂਕੀਆਂ ’ਤੇ ਲਾਗੂ ਹੋਵੇਗਾ।

ਇਸ ਦੌਰਾਨ ਅੱਜ ਅਟਾਰੀ ਸਰਹੱਦ ਵਿਖੇ ਰੀਟ੍ਰੀਟ ਰਸਮ ਦੇਖਣ ਵਾਲਿਆਂ ਦੀ ਗਿਣਤੀ ਵੀ ਘੱਟ ਸੀ। ਸਵੇਰ ਵੇਲੇ ਲੋਕ ਅਟਾਰੀ ਸਰਹੱਦ ਦੇਖਣ ਵਾਸਤੇ ਪੁੱਜੇ ਸਨ ਪਰ ਉਨ੍ਹਾਂ ਨੂੰ ਸਰਹੱਦ ਤੋਂ ਵਾਪਸ ਭੇਜ ਦਿੱਤਾ ਗਿਆ। ਅਟਾਰੀ ਸਰਹੱਦ ’ਤੇ ਮਹਾਰਾਸ਼ਟਰ ਤੋਂ ਪੁੱਜੇ ਕੁਝ ਲੋਕਾਂ ਨੇ ਆਖਿਆ ਕਿ ਕਸ਼ਮੀਰ ਘਾਟੀ ਦੇ ਪਹਿਲਗਾਮ ਵਿੱਚ ਵਾਪਰੀ ਦਹਿਸ਼ਤੀ ਘਟਨਾ ਸਖ਼ਤ ਨਿੰਦਾਯੋਗ ਹੈ ਅਤੇ ਇਸ ਦਾ ਭਾਰਤ ਸਰਕਾਰ ਨੂੰ ਕਰਾਰਾ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਮੋਦੀ ਸਰਕਾਰ ਵੱਲੋਂ ਪਾਕਿਸਤਾਨ ਸਰਕਾਰ ਨਾਲ ਸਬੰਧ ਤੋੜਨ, ਜਲ ਸੰਧੀ ਰੋਕਣ ਤੇ ਹੋਰ ਫੈਸਲਿਆਂ ਦੀ ਸ਼ਲਾਘਾ ਕੀਤੀ।

ਇਸ ਦੌਰਾਨ ਅਟਾਰੀ ਸਰਹੱਦ ’ਤੇ ਬਣੀਆਂ ਦੁਕਾਨਾਂ ਅਤੇ ਰੈਸਟੋਰੈਂਟਾਂ ਦੇ ਪ੍ਰਬੰਧਕਾਂ ਨੇ ਵਾਪਰੀ ਘਟਨਾ ’ਤੇ ਸਖਤ ਪ੍ਰਤੀਕਰਮ ਦਿੰਦਿਆਂ ਇਸ ਦੀ ਨਿੰਦਾ ਕੀਤੀ ਹੈ ਪਰ ਉਨ੍ਹਾਂ ਰੀਟਰੀਟ ਰਸਮ ਨੂੰ ਜਾਰੀ ਰੱਖਣ ਦੇ ਫੈਸਲੇ ਨੂੰ ਸਹੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਇਸ ਰਸਮ ਲਈ ਸੈਲਾਨੀ ਆਉਣੇ ਬੰਦ ਹੋ ਜਾਣਗੇ ਤਾਂ ਉਨ੍ਹਾਂ ਦੇ ਕਾਰੋਬਾਰ ਵੀ ਬੰਦ ਹੋ ਜਾਣਗੇ।

ਇਸ ਦੌਰਾਨ ਅੱਜ ਅਟਾਰੀ ਸਰਹੱਦ ਦੇ ਆਲੇ ਦੁਆਲੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੰਜਾਬ ਪੁਲੀਸ, ਨੀਮ ਫੌਜੀ ਬਲ ਤੇ ਹੋਰਨਾਂ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਤੇ ਆਉਣ ਜਾਣ ਵਾਲਿਆਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Advertisement
×