ਪੁਰਾਣੇ ਬਕਾਏ ਵਾਲਿਆਂ ਦੇ ਕੁਨੈਕਸ਼ਨ ਕੱਟਣ ਦੇ ਹੁਕਮ
ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵੱਲੋਂ ਪਾਣੀ ਅਤੇ ਸੀਵਰੇਜ ਵਿਭਾਗ ਦੀ ਕਾਰਗੁਜ਼ਾਰੀ ਅਤੇ ਬਕਾਇਆ ਰਿਕਵਰੀ ਦੀ ਸਮੀਖਿਆ ਲਈ ਮੀਟਿੰਗ ਬੁਲਾਈ ਗਈ। ਮੀਟਿੰਗ ਵਿੱਚ ਪਾਣੀ ਤੇ ਸੀਵਰੇਜ ਦੇ ਪੁਰਾਣੇ ਬਕਾਇਆਂ ਦੀ ਰਿਕਵਰੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਐਗਜੈਕੇਟਿਵ ਇੰਜਨੀਅਰਾਂ ਨੂੰ ਡਿਫਾਲਟਰਾਂ ਦੇ ਕਨੈਕਸ਼ਨ ਕੱਟਣ ਦੇ ਹੁਕਮ ਜਾਰੀ ਕੀਤੇ ਗਏ ਹਨ। ਮੀਟਿੰਗ ਵਿੱਚ ਅਸਿਸਟੈਂਟ ਕਮਿਸ਼ਨਰ ਤੇ ਇੰਚਾਰਜ਼ ਪਾਣੀ ਤੇ ਸੀਵਰੇਜ ਦਲਜੀਤ ਸਿੰਘ, ਐਕਸੀਅਨ ਭਲਿੰਦਰ ਸਿੰਘ, ਗੁਰਜਿੰਦਰ ਸਿੰਘ, ਮਨਜੀਤ ਸਿੰਘ, ਸੁਪਰਡੈਂਟ ਸਤਨਾਮ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਵਧੀਕ ਕਮਿਸ਼ਨਰ ਨੇ ਦੱਸਿਆ ਕਿ ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਪਾਣੀ ਅਤੇ ਸੀਵਰੇਜ ਦੇ ਪੁਰਾਣੇ ਬਕਾਏ ਦੀ ਵਸੂਲੀ ਲਈ ਤਿਆਰ ਹੈ ਅਤੇ ਇਸ ਮਕਸਦ ਲਈ ਵੱਡੀ ਰਕਮ ਦੇ ਡਿਫਾਲਟਰਾਂ ਅਤੇ ਗੈਰਕਾਨੂੰਨੀ ਕੁਨੈਕਸ਼ਨ ਵਾਲਿਆਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਚਾਵਲਾ ਚਿਕਨ ਹਾਊਸ, ਨੰਦਾ ਹਸਪਤਾਲ, ਭਰਾਵਾਂ ਦਾ ਢਾਬਾ, ਮੋਹਣ ਆਟਾ ਰੋਲਰ ਫਲੋਰ ਮਿਲ, ਕੋਕਾ ਕੋਲਾ ਫੈਕਟਰੀ, ਸੇਂਟ ਫ੍ਰਾਂਸਿਸ ਸਕੂਲ, ਮਯੂਰ ਹੋਟਲ, ਐਟਲਾਂਟਿਸ ਹਸਪਤਾਲ ਅਤੇ ਹੋਰ ਕਈ ਵੱਡੇ ਘਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਾਰੇ ਐਗਜੈਕੇਟਿਵ ਇੰਜਨੀਅਰਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਵੀਰਵਾਰ ਤੋਂ ਡਿਫਾਲਟਰਾਂ ਦੇ ਪਾਣੀ ਅਤੇ ਸੀਵਰੇਜ ਕਨੈਕਸ਼ਨ ਕੱਟਣ ਦੀ ਕਾਰਵਾਈ ਸ਼ੁਰੂ ਕਰਨ ਤਾਂ ਜੋ ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਲੋਕ ਆਪਣੀ ਬਕਾਇਆ ਰਕਮ ਜਲਦੀ ਭਰਨ ਜਾਂ ਕੁਨੈਕਸ਼ਨ ਨਿਯਮਿਤ ਕਰਵਾਉਣ। ਉਨ੍ਹਾਂ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਦੇਰੀ ਨਾ ਕਰਦੇ ਹੋਏ ਭੁਗਤਾਨ ਕਰਨ, ਨਹੀਂ ਤਾਂ ਉਨ੍ਹਾਂ ਦੇ ਕੁਨੈਕਸ਼ਨ ਵੀ ਕੱਟੇ ਜਾ ਸਕਦੇ ਹਨ।