ਅਤਿਵਾਦੀਆਂ ਨੂੰ ਦਰਬਾਰ ਸਾਹਿਬ ’ਚੋਂ ਕੱਢਣ ਲਈ ‘ਅਪਰੇਸ਼ਨ ਬਲਿਊ ਸਟਾਰ’ ਗਲਤ ਤਰੀਕਾ ਸੀ: ਚਿਦੰਬਰਮ
ਇਸ ਗਲਤੀ ਲੲੀ ਇੰਦਰਾ ਗਾਂਧੀ ਨੂੰ ਜਾਨ ਗੁਆੳੁਣੀ ਪੲੀ ਪਰ ਇਹ ਫੌਜ, ਪੁਲੀਸ ਤੇ ਸਿਵਲ ਅਧਿਕਾਰੀਆਂ ਦਾ ਸਾਂਝਾ ਫੈਸਲਾ ਸੀ
Operation Blue Star ਕਾਂਗਰਸ ਦੇ ਸੰਸਦ ਮੈਂਬਰ ਪੀ ਚਿਦੰਬਰਮ ਨੇ ਕਿਹਾ ਕਿ 1984 ਵਿੱਚ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿਚੋਂ ਅਤਿਵਾਦੀਆਂ ਨੂੰ ਬਾਹਰ ਕੱਢਣ ਲਈ ਚਲਾਇਆ ਗਿਆ ਅਪਰੇਸ਼ਨ ਬਲਿਊ ਸਟਾਰ ਗਲਤ ਤਰੀਕਾ ਸੀ ਤੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਸ ਗਲਤੀ ਕਾਰਨ ਆਪਣੀ ਜਾਨ ਗੁਆਉਣੀ ਪਈ ਸੀ ਹਾਲਾਂਕਿ ਇਹ ਫੈਸਲਾ ਇਕੱਲਾ ਇੰਦਰਾ ਗਾਂਧੀ ਦਾ ਨਹੀਂ ਸੀ।
ਉਨ੍ਹਾਂ ਖੁਸ਼ਵੰਤ ਸਿੰਘ ਸਾਹਿਤਕ ਸਮਾਗਮ 2025 ਵਿੱਚ ਸ਼ਿਰਕਤ ਕਰਦਿਆਂ ਕਿਹਾ ਕਿ ਉਹ ਕਿਸੇ ਫੌਜੀ ਅਧਿਕਾਰੀ ਦੀ ਬੇਇਜ਼ਤੀ ਕੀਤੇ ਬਿਨਾਂ ਕਹਿਣਾ ਚਾਹੁੰਦੇ ਹਨ ਕਿ ਅਪਰੇਸ਼ਨ ਬਲਿਊ ਸਟਾਰ ਦੌਰਾਨ ਗੋਲਡਨ ਟੈਂਪਲ ਵਿਚ ਅਤਿਵਾਦੀਆਂ ਨੂੰ ਬਾਹਰ ਕੱਢਣ ਦਾ ਇਹ ਤਰੀਕਾ ਗਲਤ ਸੀ ਪਰ ਜੂਨ 1984 ਦਾ ਅਪਰੇਸ਼ਨ ਬਲਿਊ ਸਟਾਰ ਫੌਜ, ਪੁਲੀਸ, ਖੁਫੀਆ ਅਤੇ ਸਿਵਲ ਸੇਵਾਵਾਂ ਦੇ ਅਧਿਕਾਰੀਆਂ ਦਾ ਸਾਂਝਾ ਫੈਸਲਾ ਸੀ।
ਉਨ੍ਹਾਂ ਕਿਹਾ, ‘ਅਸੀਂ ਕੁਝ ਸਾਲਾਂ ਬਾਅਦ ਫੌਜ ਨੂੰ ਬਾਹਰ ਰੱਖ ਕੇ ਹਰਿਮੰਦਰ ਸਾਹਿਬ ਨੂੰ ਹਾਸਲ ਕਰਨ ਦਾ ਸਹੀ ਤਰੀਕਾ ਅਪਣਾਇਆ। ਸ੍ਰੀਮਤੀ ਇੰਦਰਾ ਗਾਂਧੀ ਨੂੰ ਉਸ ਗਲਤੀ ਲਈ ਆਪਣੀ ਜਾਨ ਦੇਣੀ ਪਈ।’ ਏ ਐੱਨ ਆਈ