ਜਲ ਸੈਨਾ ’ਚ ਨਵੇਂ ਭਰਤੀ ਹੋਏ ਨੌਜਵਾਨ ਦੀ ਭੇਤ-ਭਰੇ ਹਾਲਾਤ ਵਿੱਚ ਮੌਤ
ਜਲ ਸੈਨਾ ਵਿੱਚ ਭਰਤੀ ਹੋਏ ਪਿੰਡ ਬਿਹਾਰੀਪੁਰ ਦੇ ਇੱਕ ਨੌਜਵਾਨ ਦੀ ਨਹਿਰ ਕੰਢੇ ਤੋਂ ਭੇਤ-ਭਰੇ ਹਾਲਾਤ ਵਿੱਚ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅਜੈਦੀਪ ਸਿੰਘ (24) ਪੁੱਤਰ ਬਲਜਿੰਦਰ ਸਿੰਘ ਵਾਸੀ ਬਿਹਾਰੀਪੁਰ ਥਾਣਾ ਵੈਰੋਵਾਲ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਨੌਜਵਾਨ ਅਜੈਦੀਪ ਸਿੰਘ ਜਲ ਸੈਨਾ ਵਿੱਚ ਭਰਤੀ ਹੋਇਆ ਸੀ, ਜਿਸ ਨੇ ਇੰਟਰਵਿਊ ਤੋਂ ਬਾਅਦ ਲੰਘੇ ਸੋਮਵਾਰ ਨੂੰ ਡਿਊਟੀ ਤੇ ਪਹਿਲੀ ਹਾਜ਼ਰੀ ਲਈ ਦਿੱਲੀ ਜਾਣਾ ਸੀ। ਅਜੈਦੀਪ ਸਿੰਘ ਦੇ ਦਾਦਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਅਜੈਦੀਪ ਨੌਕਰੀ ਤੇ ਜਾਣ ਤੋਂ ਪਹਿਲਾਂ 28 ਜੂਨ ਨੂੰ ਪਿੰਡ ਬਿਹਾਰੀਪੁਰ ਤੋਂ ਜ਼ਰੂਰੀ ਸਮਾਨ ਦੀ ਖਰੀਦਦਾਰੀ ਕਰਨ ਲਈ ਖਡੂਰ ਸਾਹਿਬ ਗਿਆ ਸੀ। ਬਾਅਦ ’ਚ ਅਜੈਦੀਪ ਘਰ ਨਹੀ ਪਰਤਿਆ ਜਿਸ ਦੀ ਅਸੀ ਬਹੁਤ ਭਾਲ ਕੀਤੀ ਪਰ ਅੱਜ ਪੰਜਵੇਂ ਦਿਨ ਅਜੈਦੀਪ ਸਿੰਘ ਦੀ ਲਾਸ਼ ਖਡੂਰ ਸਾਹਿਬ-ਗੋਇੰਦਵਾਲ ਰੋਡ ਤੇ ਫਾਟਕ ਨਜ਼ਦੀਕ ਨਹਿਰ ਕੰਢਿਓਂ ਮਿਲੀ ਹੈ। ਅਜੈਦੀਪ ਸਿੰਘ ਦੇ ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਉਨ੍ਹਾਂ ਦੇ ਲੜਕੇ ਦਾ ਕਿਸੇ ਵੱਲੋਂ ਕਤਲ ਕੀਤਾ ਗਿਆ ਹੈ। ਦਾਦਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਅਜੈਦੀਪ ਸਿੰਘ ਦਾ ਚਿਹਰਾ ਬੁਰੀ ਤਰ੍ਹਾ ਕੁਚਲਿਆ ਹੋਇਆ ਹੈ, ਜਿਸ ਨੂੰ ਦੇਖ ਕਿ ਲੱਗਦਾ ਹੈ ਕਿ ਅਜੈਦੀਪ ਸਿੰਘ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਉਨ੍ਹਾਂ ਪੁਲੀਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰਦਿਆ ਜਾਂਚ ਦੀ ਮੰਗ ਕੀਤੀ ਹੈ। ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਵੱਲੋਂ ਨੌਜਵਾਨ ਦੀ ਲਾਸ਼ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਐਸਐਚਓ ਬਲਰਾਜ ਸਿੰਘ ਨੇ ਆਖਿਆ ਕਿ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।