ਸੰਸਦ ਮੈਂਬਰ ਗੁਰਜੀਤ ਔਜਲਾ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਅਜਨਾਲਾ ਵਿਧਾਨ ਸਭਾ ਹਲਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਹਲਕੇ ਦੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਕਰੀਬ 300 ਤੋਂ ਵੱਧ ਬੀਐੱਸਐੱਫ ਜਵਾਨ ਅਤੇ ਅਧਿਕਾਰੀ ਪਾਣੀ ਵਿੱਚ ਫਸੇ ਹੋਏ ਹਨ। ਇਸੇ ਤਰ੍ਹਾਂ 4-5 ਹਜ਼ਾਰ ਆਮ ਨਾਗਰਿਕ ਵੱਖ-ਵੱਖ ਪਿੰਡਾਂ ਵਿੱਚ ਹੜ੍ਹ ਦੇ ਪਾਣੀ ਵਿੱਚ ਘਿਰ ਜਾਣ ਕਾਰਨ ਮਕਾਨਾਂ ਦੀਆਂ ਛੱਤਾਂ ’ਤੇ ਚੜ੍ਹੇ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਬਚਾਉਣ ਦੀ ਲੋੜ ਹੈ।
ਸੰਸਦ ਮੈਂਬਰ ਨੇ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ, ਰੱਖਿਆ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਵੇਲੇ ਇਸ ਖੇਤਰ ਵਿੱਚ ਹੜ੍ਹਾਂ ਕਾਰਨ ਹੋਣ ਵਾਲੇ ਜਾਨੀ ਨੁਕਸਾਨ ਨੂੰ ਬਚਾਅ ਵੱਲ ਧਿਆਨ ਦੇਣ। ਉਨ੍ਹਾਂ ਕਿਹਾ ਕਿ ਹੜ੍ਹ ਦੇ ਪਾਣੀ ਕਾਰਨ ਵੱਡੇ ਪੱਧਰ ’ਤੇ ਮਾਲੀ ਨੁਕਸਾਨ ਹੋਇਆ ਹੈ ਪਰ ਇਸ ਵੇਲੇ ਜਾਨੀ ਨੁਕਸਾਨ ਤੋਂ ਬਚਾਅ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਜਿਵੇਂ ਜਿਵੇਂ ਪਾਣੀ ਦਾ ਪੱਧਰ ਵੱਧ ਰਿਹਾ ਹੈ, ਖਤਰਾ ਵੀ ਵੱਧ ਰਿਹਾ ਹੈ। ਅਜਿਹੀ ਸਥਿਤੀ ਵਿੱਚ ਵਧਦਾ ਪਾਣੀ ਲੋਕਾਂ ਨੂੰ ਨਾਲ ਰੋੜ ਕੇ ਲਿਜਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵੇਲੇ ਬੀਐੱਸਐੱਫ ਦੇ ਸੈਂਕੜੇ ਜਵਾਨ ਹੜ੍ਹ ਦੇ ਪਾਣੀ ਵਿੱਚ ਫਸੇ ਹੋਏ ਹਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਤੁਰੰਤ ਲੋੜ ਹੈ। ਇਸ ਸਬੰਧ ਵਿੱਚ ਵੇਰਵੇ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਬੀਓਪੀ ਦਰਿਆਏ ਮਨਸੂਰ ਵਿਖੇ 50 ਜਵਾਨ, ਕੋਟ ਰਜਾਦਾ ਵਿਚ 25, ਛੰਨਾਂ ਵਿਚ 40, ਬਧਾਈ ਚੀਮਾ ਵਿਚ 50, ਛੰਨਾ ਪੱਟਣ 15, ਪੰਜ ਗਰਾਈਆਂ 80 ਅਤੇ ਧਰਮਸ਼ਾਲਾ ਵਿਚ 80 ਜਵਾਨ ਅਤੇ ਉਨ੍ਹਾਂ ਦੇ ਅਧਿਕਾਰੀ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਬੀਐੱਸਐੱਫ ਦੇ ਕੁਝ ਜਵਾਨ ਰਾਹਤ ਕਾਰਜਾਂ ਵਾਸਤੇ ਗਏ ਸਨ ਅਤੇ ਉਹ ਵੀ ਪਾਣੀ ਵਿੱਚ ਫਸੇ ਹੋਏ ਹਨ।
ਔਜਲਾ ਨੇ ਦੱਸਿਆ ਕਿ ਦਰਜਨ ਤੋਂ ਵੱਧ ਅਜਿਹੇ ਪਿੰਡ ਹਨ, ਜਿਨ੍ਹਾਂ ਵਿੱਚ 4 ਤੋਂ 5 ਹਜ਼ਾਰ ਆਮ ਨਾਗਰਿਕ ਹੜ੍ਹਾਂ ਵਿੱਚ ਫਸੇ ਹੋਏ ਹਨ। ਪਾਣੀ ਦੇ ਵਧਣ ਕਾਰਨ ਅਜਿਹੇ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਗਏ ਹਨ ਅਤੇ ਮਦਦ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਲੋਕਾਂ ਨੂੰ ਬਚਾਉਣ ਵਾਸਤੇ ਵਿਸ਼ੇਸ਼ ਯਤਨ ਕੀਤੇ ਜਾਣ। ਫੌਜ ਦੀ ਮਦਦ ਲੈ ਕੇ ਇਨ੍ਹਾਂ ਲੋਕਾਂ ਨੂੰ ਤੁਰੰਤ ਬਚਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਸ ਪਾਸੇ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਬਚਾਅ ਕਾਰਜ ਸਿਫ਼ਰ ਹਨ।