ਸੇਂਟ ਪੌਲ ਚਰਚ ਵੱਲੋਂ ਸ਼ਾਂਤੀ, ਭਾਈਚਾਰੇ ਤੇ ਸਦਭਾਵਨਾ ਦਾ ਸੁਨੇਹਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 13 ਫਰਵਰੀ
ਡਾਇਓਸਿਸ ਆਫ਼ ਅੰਮ੍ਰਿਤਸਰ ਦੇ ਸਥਾਪਨਾ ਦਿਵਸ ਸਬੰਧੀ ਦੋ-ਰੋਜ਼ਾ ਸਥਾਪਨਾ ਦਿਵਸ ਸਮਾਰੋਹ ਦੀ ਸ਼ੁਰੂਆਤ ਅੱਜ ਮੋਟਰਸਾਈਕਲ ਰੈਲੀ ਨਾਲ ਕੀਤੀ ਗਈ। ਡਾਇਓਸਿਸ ਆਫ਼ ਅੰਮ੍ਰਿਤਸਰ (ਡੀਓਏ), ਚਰਚ ਆਫ਼ ਨੌਰਥ ਇੰਡੀਆ (ਸੀਐਨਆਈ) ਨਾਲ ਜੁੜੇ 300 ਤੋਂ ਵੱਧ ਮੋਟਰਸਾਈਕਲ ਸਵਾਰਾਂ ਨੇ ਅੱਜ ਮੋਟਰਸਾਈਕਲ ਰੈਲੀ ਵਿੱਚ ਹਿੱਸਾ ਲਿਆ। ਬਿਸ਼ਪ ਡਾ. ਪੀਕੇ ਸਾਮੰਤਾਰਾਏ ਦੀ ਅਗਵਾਈ ਹੇਠ ਇਹ ਮੋਟਰਸਾਈਕਲ ਰੈਲੀ ਸੇਂਟ ਪੌਲ ਚਰਚ ਤੋਂ ਸ਼ੁਰੂ ਹੋਈ। ਇਹ ਸ਼ਾਂਤੀ ਦਾ ਸੰਦੇਸ਼ ਫੈਲਾਉਣ ਲਈ ਸ਼ਹਿਰ ਦੇ ਮੁੱਖ ਰਸਤਿਆਂ ’ਚੋਂ ਲੰਘਦੀ ਹੋਈ ਅਲੈਗਜ਼ੈਂਡਰਾ ਸਕੂਲ, ਕਵੀਨਜ਼ ਰੋਡ ’ਤੇ ਸਮਾਪਤ ਹੋਈ।
ਬਿਸ਼ਪ ਸਾਮੰਤਾਰਾਏ ਨੇ ਕਿਹਾ ਕਿ ਇਹ ਰੈਲੀ ਦਾ ਮਕਸਦ ਸ਼ਾਂਤੀ, ਭਾਈਚਾਰੇ ਅਤੇ ਅੰਤਰ-ਧਾਰਮਿਕ ਸਦਭਾਵਨਾ ਦਾ ਸੁਨੇਹਾ ਦੇਣ ਲਈ ਕੱਢੀ ਗਈ ਹੈ। ਉਨ੍ਹਾਂ ਮੁਤਾਬਕ ਡਾਇਓਸਿਸ ਅਤੇ ਚਰਚ ਆਫ ਨੌਰਥ ਇੰਡੀਆ ਨੇ ਹਮੇਸ਼ਾ ਵੱਖ-ਵੱਖ ਧਰਮਾਂ ਦੇ ਲੋਕਾਂ ਵਿੱਚ ਆਪਸੀ ਸਮਝ ਅਤੇ ਭਾਈਚਾਰੇ ਨੂੰ ਉਤਸ਼ਾਹਿਤ ਕਰਨ, ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਗੱਲਬਾਤ ਨੂੰ ਉਤਸ਼ਾਹਿਤ ਕਰਕੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤਾ ਹੈ। ਵਿਸ਼ਵ ਸ਼ਾਂਤੀ ਨੂੰ ਸਮੇਂ ਦੀ ਲੋੜ ਦੱਸਦਿਆਂ ਬਿਸ਼ਪ ਨੇ ਕਿਹਾ ਕਿ ਇਹ ਸਮਾਗਮਾਂ ਵਿਚ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਤੋਂ 3000 ਤੋਂ ਵੱਧ ਡਾਇਓਸਿਸ ਦੇ ਮੈਂਬਰਾਂ ਹਿੱਸਾ ਲੈਣਗੇ। ਭਲਕੇ 14 ਫਰਵਰੀ ਨੂੰ ਇੱਕ ਧੰਨਵਾਦ ਪ੍ਰਾਰਥਨਾ ਸਭਾ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ।