ਸ਼ਹੀਦੀ ਸ਼ਤਾਬਦੀ: ਸ਼੍ਰੋਮਣੀ ਕਮੇਟੀ ਵੱਲੋਂ ਲਖਨਊ ’ਚ ਗੁਰਮਤਿ ਸਮਾਗਮ
ਗੁਰੂ ਤੇਗ਼ ਬਹਾਦਰ ਸਾਹਿਬ ਦੀ 350ਵੇਂ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਕੇਂਦਰੀ ਸਿੰਘ ਸਭਾ ਆਲਮ ਬਾਗ਼ ਲਖਨਊ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕੀਤਾ ਗਿਆ। ਇਸ ਤੋਂ ਪਹਿਲਾਂ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਏ ਸ਼ਹੀਦੀ ਨਗਰ ਕੀਰਤਨ ਦਾ ਬੀਤੀ ਰਾਤ ਲਖਨਊ ਪੁੱਜਣ ’ਤੇ ਸਥਾਨਕ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਦਿਆਂ ਜੈਕਾਰਿਆਂ ਦੀ ਗੂੰਜ ਵਿਚ ਸਵਾਗਤ ਕੀਤਾ ਗਿਆ। ਨਗਰ ਕੀਰਤਨ ਪ੍ਰਤੀ ਸੰਗਤਾਂ ਵਿਚ ਭਾਰੀ ਉਤਸ਼ਾਹ ਸੀ ਕਿ ਸ਼ਾਮ ਨੂੰ ਪੁੱਜਣ ਵਾਲਾ ਨਗਰ ਕੀਰਤਨ ਦੇਰ ਰਾਤ ਲਖਨਊ ਵਿਖੇ ਪੁੱਜਾ ਅਤੇ ਸੰਗਤਾਂ ਸ਼ਰਧਾਪੂਰਵਕ ਨਗਰ ਕੀਰਤਨ ਦੀ ਸੜਕਾਂ ’ਤੇ ਬੈਠ ਕੇ ਉਡੀਕ ਕਰਦੀਆਂ ਰਹੀਆਂ।
ਅੱਜ ਇਹ ਨਗਰ ਕੀਰਤਨ ਗੁਰਦੁਆਰਾ ਕੇਂਦਰੀ ਸਿੰਘ ਸਭਾ ਆਲਮ ਬਾਗ਼ ਲਖਨਊ ਵਿਖੇ ਠਹਿਰਿਆ, ਜਿਥੇ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਗੁਰਮਤਿ ਸਮਾਗਮ ਕੀਤਾ ਗਿਆ। ਸਮਾਗਮ ਦੌਰਾਨ ਵੱਡੀ ਗਿਣਤੀ ਸਥਾਨਕ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਕੇਵਲ ਸਿੰਘ ਨੇ ਨੌਵੇਂ ਪਾਤਸ਼ਾਹ ਦੇ ਜੀਵਨ ਇਤਿਹਾਸ ਬਾਰੇ ਚਾਨਣਾ ਪਾਇਆ। ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਬੰਡਾਲਾ ਅਤੇ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਵੀ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਈ। ਇਸ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਗੁਰਦੂਆਰਾ ਆਲਮ ਬਾਗ ਦੇ ਪ੍ਰਧਾਨ ਨਿਰਮਲ ਸਿੰਘ ਨੇ ਜੀ ਆਇਆਂ ਕਿਹਾ ਅਤੇ ਇਸ ਉਪਰਾਲੇ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਵੀ ਕੀਤਾ।