ਬਲਾਕ ਤਰਸਿਕਾ ਨੂੰ ਖ਼ਤਮ ਕਰਨ ਦੇ ਵਿਰੋਧ ’ਚ ਇਲਾਕਾ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ
ਇੱਥੇ ਸਥਿਤ ਬਲਾਕ ਤਰਸਿੱਕਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਪੰਜਾਬ ਸਰਕਾਰ ਵੱਲੋਂ ਖ਼ਤਮ ਕਰਨ ਖਿਲਾਫ ਇਲਾਕਾ ਵਾਸੀਆਂ ਵੱਲੋਂ ਭਾਰੀ ਮੀਂਹ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਬਲਦੇਵ ਸਿੰਘ ਨੇ ਦੱਸਿਆ 1960 ਵਿੱਚ ਵਿਧਾਇਕ ਕਾਮਰੇਡ ਮੱਖਣ ਸਿੰਘ ਤਰਸਿੱਕਾ ਦੇ ਅਣਥੱਕ ਯਤਨਾ ਸਦਕਾ ਤਰਸਿਕਾ ਬਲਾਕ ਹੋਂਦ ਵਿੱਚ ਆਇਆ ਸੀ, ਜਿਸ ਦਾ ਇਲਾਕੇ ਦੀਆਂ ਪੰਚਾਇਤਾਂ ਅਤੇ ਆਮ ਲੋਕਾਂ ਨੂੰ ਬਹੁਤ ਲਾਭ ਹੋਇਆ।
ਆਗੂਆਂ ਕਿਹਾ ਪਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਲਾਕ ਦੀ ਹੋਂਦ ਖ਼ਤਮ ਕਰਕੇ ਬਲਾਕ ਦੇ ਅਧੀਨ ਆਉਂਦੇ ਪਿੰਡਾਂ ਨੂੰ ਜੰਡਿਆਲਾ ਗੁਰੂ ਬਲਾਕ ਅਤੇ ਟਾਹਲੀ ਸਾਹਿਬ ਬਲਾਕ ਨਾਲ ਜੋੜਿਆ ਗਿਆ ਹੈ, ਜੋ ਕਿ ਇਲਾਕੇ ਦੇ ਲੋਕਾਂ ਨਾਲ ਬਹੁਤ ਵੱਡੀ ਬੇਇਨਸਾਫ਼ੀ ਹੈ।
ਇਸ ਮੌਕੇ ਆਗੂਆਂ ਗੁਰਮੇਜ ਸਿੰਘ ਤਿੰਮੋਵਾਲ ਅਤੇ ਮਜ਼ਦੂਰਾਂ ਦੇ ਆਗੂਆਂ ਮੰਗਲ ਸਿੰਘ ਖੁਜਾਲਾ, ਬਲਵਿੰਦਰ ਸਿੰਘ ਮਹਿਸਮਪੁਰ ਨੇ ਕਿਹਾ ਬਰਸਾਤ ਦੇ ਮੌਸਮ ਨੂੰ ਵੇਖਦਿਆਂ ਫੈਸਲਾ ਕੀਤਾ ਹੈ ਕਿ 6 ਸਤੰਬਰ ਨੂੰ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਵਫ਼ਦ ਦੇ ਰੂਪ ਵਿੱਚ ਮਿਲ ਕੇ ਤਰਸਿੱਕਾ ਬਲਾਕ ਨੂੰ ਬਹਾਲ ਰੱਖਣ ਦੀ ਮੰਗ ਕੀਤੀ ਜਾਵੇਗੀ ਅਤੇ ਮੰਗ ਪੂਰੀ ਨਾ ਹੋਣ ’ਤੇ ਆਉਣ ਵਾਲੇ ਦਿਨਾਂ ਵਿੱਚ ਬਲਾਕ ਨਾਲੋਂ ਤੋੜੇ ਗਏ ਪਿੰਡਾਂ ਵਿੱਚ ਲਾਮਬੰਦੀ ਕਰਕੇ ਵੱਡਾ ਤੇ ਤਿੱਖਾ ਸੰਘਰਸ਼ ਆਰੰਭ ਦਿੱਤਾ ਜਾਵੇਗਾ।