ਵੱਡੀ ਮਾਤਰਾ ਵਿੱਚ ਨਸ਼ੀਲੀਆਂ ਦਵਾਈਆਂ ਜ਼ਬਤ; ਛੇ ਗ੍ਰਿਫ਼ਤਾਰ
ਅੰਮ੍ਰਿਤਸਰ ਪੁਲੀਸ ਕਮਿਸ਼ਨਰੇਟ ਨੇ ਨਸ਼ੀਲੀਆਂ ਦਵਾਈਆਂ ਸਣੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਨਸ਼ੀਲੀਆ ਦਵਾਈਆਂ ਜ਼ਬਤ ਕਰ ਲਈਆਂ ਹਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਕੈਮਿਸਟ ਅਤੇ ਵਿਤਰਕ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪੁਲੀਸ ਕਮਿਸ਼ਨਰੇਟ ਨੇ ਹਾਲ ਹੀ ਵਿੱਚ ਇੱਥੇ ਜ਼ਬਤ ਕੀਤੀਆਂ ਗਈਆਂ 35 ਗੋਲੀਆਂ ਦੀ ਇੱਕ ਛੋਟੀ ਜਿਹੀ ਬਰਾਮਦਗੀ ਤੋਂ ਸ਼ੁਰੂ ਹੋਈ ਟਰਾਮਾਡੋਲ ਸਪਲਾਈ ਚੇਨ ਦਾ ਪਤਾ ਲਗਾਇਆ। ਇਸ ਜਾਂਚ ਨੇ ਸ਼ਹਿਰ ਦੀ ਪੁਲੀਸ ਨੂੰ ਉਤਰਾਖੰਡ ਦੇ ਹਰਿਦੁਆਰ ਵਿੱਚ ਇੱਕ ਨਿਰਮਾਣ ਯੂਨਿਟ ਤੱਕ ਪਹੁੰਚਾਇਆ। ਇਸ ਸਬੰਧ ਵਿਚ ਹੋਏ ਖੁਲਾਸਿਆਂ ਅਤੇ ਛਾਪਿਆਂ ਦੇ ਆਧਾਰ 'ਤੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਕੈਮਿਸਟ, ਵਿਤਰਕ ਅਤੇ ਲੁਸੈਂਟ ਬਾਇਓਟੈਕ ਲਿਮਟਿਡ ਪਲਾਂਟ ਦਾ ਮੁਖੀ ਵੀ ਸ਼ਾਮਲ ਹੈ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਹਰਿਦੁਆਰ ਵਿੱਚ ਛਾਪੇਮਾਰੀ ਦੌਰਾਨ ਕੁੱਲ 70,000 ਤੋਂ ਵੱਧ ਟਰਾਮਾਡੋਲ ਗੋਲੀਆਂ, 7.65 ਲੱਖ ਰੁਪਏ ਦੀ ਡਰੱਗ ਮਨੀ ਤੋਂ ਇਲਾਵਾ 325 ਕਿਲੋਗ੍ਰਾਮ ਟਰਾਮਾਡੋਲ ਕੱਚਾ ਮਾਲ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਅਗਲੇਰੀ ਜਾਂਚ ਜਾਰੀ ਹੈ।