ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦੇਵੀਦਾਸਪੁਰਾ ਵਿਚ ਪੰਜ ਜ਼ੋਨਾਂ ਦੀ ਕਨਵੈਨਸ਼ਨ
ਬਿਜਲੀ ਸੋਧ ਬਿੱਲ ਖ਼ਿਲਾਫ਼ 15, 16 ਤੇ 17 ਨੂੰ ਪੁਤਲਾ ਫੂਕ ਮੁਜ਼ਾਹਰੇ ਕੀਤੇ ਜਾਣਗੇ; ਮਸਲਾ ਹੱਲ ਨਾ ਹੋਣ ’ਤੇ 19 ਨਵੰਬਰ ਨੂੰ ਰੇਲ ਰੋਕੋ ਮੋਰਚਾ ਲਗਾਇਆ ਜਾਵੇਗਾ
ਕਿਸਾਨ ਮਜ਼ਦੂਰ ਮੋਰਚਾ ਵੱਲੋਂ ਜੰਡਿਆਲਾ ਨਜ਼ਦੀਕ ਦੇਵੀਦਾਸਪੁਰ ਵਿਚ 5 ਜ਼ੋਨਾਂ ਦੀ ਕਨਵੈਨਸ਼ਨ ਕੀਤੀ ਗਈ ਜਿੱਥੇ ਸੈਂਕੜੇ ਕਿਸਾਨ ਮਜ਼ਦੂਰ ਅਤੇ ਔਰਤਾਂ ਹਾਜ਼ਰ ਹੋਏ। ਇਸ ਮੌਕੇ ਸੂਬਾ ਆਗੂ ਜਰਮਨਜੀਤ ਸਿੰਘ ਬੰਡਾਲਾ ਅਤੇ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਡੀਏਪੀ ਖਾਦ ਦਾ ਸੰਕਟ ਹੱਲ ਕਰਾਉਣ, ਕਰਜ਼ਾ ਮੁਕਤੀ, ਐਮਐਸਪੀ ਲੀਗਲ ਗਾਰੰਟੀ ਕਾਨੂੰਨ ਦੀ ਮੰਗ ਪੂਰੀ ਕਰਾਉਣ ਦੇ ਸੰਘਰਸ਼ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕਨਵੈਨਸ਼ਨ ਤੋਂ ਬਾਅਦ ਬਿਜਲੀ ਸੋਧ ਬਿੱਲ ਖਿਲਾਫ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ।
ਆਗੂਆਂ ਨੇ ਕਿਹਾ 7 ਨਵੰਬਰ ਨੂੰ ਕੇਐਮਐਮ ਦੀ ਮੀਟਿੰਗ ਵਿੱਚ ਅਜੋਕੇ ਦੌਰ ਦੀਆਂ ਅਤੇ ਕਿਸਾਨਾਂ ਮਜ਼ਦੂਰਾਂ ਦੀਆਂ ਅਹਿਮ ਮੰਗਾਂ ਦੀ ਅਹਿਮੀਅਤ ਨੂੰ ਦੇਖਦੇ ਪ੍ਰੋਗਰਾਮ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਕੋਲੋਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਖਿਲਾਫ ਵਿਦਿਆਰਥੀਆ ਵੱਲੋਂ ਦਿੱਤੇ ਸੱਦੇ ’ਤੇ 10 ਨਵੰਬਰ ਨੂੰ ਪੀਯੂ ਦੇ ਇਕੱਠ ਵਿੱਚ ਵੱਡੀ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 14 ਨਵੰਬਰ ਨੂੰ ਕੌਮੀ ਇਨਸਾਫ਼ ਦੇ ਦਿੱਲੀ ਵਿੱਚ ਇਨਸਾਫ਼ ਮਾਰਚ ਦੇ ਸੱਦੇ ਦਾ ਸਮਰਥਨ ਕੀਤਾ ਜਾਵੇਗਾ ਅਤੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿੱਲ ਖ਼ਿਲਾਫ਼ 15, 16, 17 ਨੂੰ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਪੰਜਾਬ ਭਰ ਵਿੱਚ ਪਿੰਡ ਪੱਧਰੀ ਪੁਤਲਾ ਫੂਕ ਮੁਜ਼ਾਹਰੇ ਕੀਤੇ ਜਾਣਗੇ ਤੇ 18 ਨਵੰਬਰ ਨੂੰ ਗੰਨੇ ਦੇ ਕਰੋੜਾਂ ਰੁਪਏ ਦੇ ਬਕਾਏ ਤੇ ਡੀਸੀ ਜਲੰਧਰ ਅੱਗੇ ਮੋਰਚਾ ਸ਼ੁਰੂ ਕੀਤਾ ਜਾਵੇਗਾ। ਜੇ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ 21 ਨਵੰਬਰ ਨੂੰ ਜਲੰਧਰ-ਦਿੱਲੀ ਹਾਈਵੇਅ ਜਾਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ 10 ਦਸੰਬਰ ਨੂੰ ਪ੍ਰੀਪੇਡ ਮੀਟਰ ਉਖਾੜ ਕੇ ਬਿਜਲੀ ਵਿਭਾਗ ਦਫਤਰਾਂ ਵਿੱਚ ਜਮ੍ਹਾਂ ਕਰਵਾਏ ਜਾਣਗੇ, ਦਸੰਬਰ 17, 18 ਨੂੰ ਸ਼ੰਭੂ/ਖਨੌਰੀ ਮੋਰਚੇ 'ਤੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਨੁਕਸਾਨ ਦੀ ਭਰਪਾਈ ਅਤੇ ਬਿਜਲੀ ਸੋਧ ਬਿੱਲ 2025 ਨੂੰ ਵਾਪਸ ਕਰਵਾਉਣ ਸਮੇਤ ਹੋਰ ਜ਼ਰੂਰੀ ਮਸਲਿਆਂ ਨੂੰ ਲੈ ਕੇ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ। ਜੇ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾਂ 19 ਦਸੰਬਰ ਨੂੰ ਰੇਲ ਰੋਕੋ ਮੋਰਚਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਤਰਨ ਤਾਰਨ ਵਿੱਚ ਬਿਜਲੀ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਰੋਸ ਮਾਰਚ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਆਗੂ ਕੰਧਾਰ ਸਿੰਘ ਭੋਏਵਾਲ, ਸੁਖਦੇਵ ਸਿੰਘ ਚਾਟੀਵਿੰਡ, ਰਣਜੀਤ ਸਿੰਘ ਚਾਟੀਵਿੰਡ, ਅਮਰਿੰਦਰ ਸਿੰਘ ਮਾਲੋਵਾਲ, ਸੂਬੇਦਾਰ ਨਿਰੰਜਨ ਸਿੰਘ, ਬਲਦੇਵ ਸਿੰਘ ਭੰਗੂ, ਚਰਨਜੀਤ ਸਿੰਘ ਸਫੀਪੁਰ, ਮਨਜੀਤ ਸਿੰਘ ਵਡਾਲਾ, ਬਲਜੀਤ ਸਿੰਘ ਵੇਰਕਾ, ਦਵਿੰਦਰ ਸਿੰਘ ਚਾਟੀਵਿੰਡ, ਬਲਿਹਾਰ ਸਿੰਘ ਛੀਨਾ, ਬਲਜਿੰਦਰ ਸਿੰਘ ਸਭਰਾ, ਦਲਬੀਰ ਸਿੰਘ ਬਾਸਰਕੇ, ਬੀਬੀ ਕੁਲਵਿੰਦਰ ਕੌਰ ਕੋਟ ਖਹਿਰਾ, ਬੀਬੀ ਬਲਜੀਤ ਕੌਰ ਤਰਸਿੱਕਾ ਸਮੇਤ ਸੈਂਕੜੇ ਕਿਸਾਨ ਮਜ਼ਦੂਰ ਅਤੇ ਔਰਤਾਂ ਮੌਜੂਦ ਸਨ।

