Katas Raj Temple ਹਿੰਦੂ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਪੁੱਜਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 24 ਫਰਵਰੀ
ਇਥੇ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਸਥਿਤ ਮੰਦਰ ਸ੍ਰੀ ਕਟਾਸਰਾਜ ਦੀ ਯਾਤਰਾ ਵਾਸਤੇ ਰਵਾਨਾ ਹੋਇਆ ਕਰੀਬ 150 ਤੋਂ ਵੱਧ ਹਿੰਦੂ ਤੀਰਥ ਯਾਤਰੀਆਂ ਦਾ ਜਥਾ ਪਾਕਿਸਤਾਨ ਪਹੁੰਚ ਗਿਆ ਹੈ। ਜਥੇ ਦੇ ਮੈਂਬਰਾਂ ਨੇ ਰਵਾਨਾ ਹੋਣ ਤੋਂ ਪਹਿਲਾਂ ਇੱਥੇ ਦੁਰਗਿਆਨਾ ਮੰਦਰ ਵਿੱਚ ਮੱਥਾ ਟੇਕਿਆ ਤੇ ਅਸ਼ੀਰਵਾਦ ਲਿਆ। ਹਿੰਦੂ ਸ਼ਰਧਾਲੂਆਂ ਦਾ ਜਥਾ ਲਗਪਗ ਇੱਕ ਹਫਤੇ ਦੀ ਯਾਤਰਾ ਦੌਰਾਨ ਪਾਕਿਸਤਾਨ ਸਥਿਤ ਕਟਾਸ ਰਾਜ ਅਤੇ ਹੋਰ ਮੰਦਰਾਂ ਦੇ ਦਰਸ਼ਨ ਕਰੇਗਾ। ਜਥਾ 2 ਮਾਰਚ ਨੂੰ ਵਾਪਸ ਪਰਤ ਆਵੇਗਾ।
ਵੇਰਵਿਆਂ ਮੁਤਾਬਕ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਭਾਰਤ ਤੋਂ ਕਰੀਬ 154 ਸ਼ਰਧਾਲੂਆਂ ਨੂੰ ਪਾਕਿਸਤਾਨੀ ਪੰਜਾਬ ਦੇ ਚਕਵਾਲ ਜ਼ਿਲ੍ਹੇ ਵਿੱਚ ਸ੍ਰੀ ਕਟਾਸਰਾਜ ਮੰਦਰ ਦੀ ਯਾਤਰਾ ਵਾਸਤੇ ਵੀਜ਼ੇ ਦਿੱਤੇ ਗਏ ਹਨ। ਪੰਜਾਬ ਸਮੇਤ ਦਿੱਲੀ, ਰਾਜਸਥਾਨ, ਗੁਜਰਾਤ ਅਤੇ ਹੋਰ ਸੂਬਿਆਂ ਤੋਂ ਇਹ ਸ਼ਰਧਾਲੂ ਬੀਤੀ ਸ਼ਾਮ ਅੰਮ੍ਰਿਤਸਰ ਪੁੱਜੇ ਸਨ ਅਤੇ ਇਨ੍ਹਾਂ ਸ੍ਰੀ ਦੁਰਗਿਆਨਾ ਮੰਦਰ ਵਿਖੇ ਰਾਤ ਦਾ ਵਿਸ਼ਰਾਮ ਕੀਤਾ। ਅੱਜ ਸਵੇਰੇ ਇਹ ਦੁਰਗਿਆਨਾ ਮੰਦਰ ਨਤਮਸਤਕ ਹੋਣ ਤੋਂ ਬਾਅਦ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਰਵਾਨਾ ਹੋਏ ਹਨ। ਸਨਾਤਨ ਧਰਮ ਸਭਾ ਦੇ ਮੁਖੀ ਪੰਡਿਤ ਰਿਤੂ ਕਾਂਤ ਗੋਸਵਾਮੀ ਨੇ ਦੱਸਿਆ ਕਿ ਕਰੀਬ 175 ਤੋਂ ਵੱਧ ਸ਼ਰਧਾਲੂਆਂ ਵੱਲੋਂ ਵੀਜ਼ਾ ਵਾਸਤੇ ਪਾਕਿਸਤਾਨ ਹਾਈ ਕਮਿਸ਼ਨ ਨੂੰ ਅਰਜ਼ੀਆਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਕਰੀਬ 15 ਤੋਂ 20 ਸ਼ਰਧਾਲੂਆਂ ਨੂੰ ਵੀਜ਼ੇ ਨਹੀਂ ਮਿਲੇ ਹਨ। ਉਨ੍ਹਾਂ ਦੋਵਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਪਾਕਿਸਤਾਨ ਵਿੱਚ ਰਹਿ ਗਏ ਹਿੰਦੂ ਤੀਰਥ ਸਥਾਨਾਂ ਦੀ ਯਾਤਰਾ ਵਾਸਤੇ ਵੱਧ ਤੋਂ ਵੱਧ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਜਾਣੇ ਚਾਹੀਦੇ ਹਨ।
ਇਹ ਸ਼ਰਧਾਲੂ ਅੱਜ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਪੁੱਜਣ ਮਗਰੋਂ ਲਾਹੌਰ ਵਿੱਚ ਰਾਤ ਦਾ ਵਿਸ਼ਰਾਮ ਕਰਨਗੇ ਅਤੇ ਅਗਲੇ ਦਿਨ ਜ਼ਿਲ੍ਹਾ ਚਕਵਾਲ ਸਥਿਤ ਕਟਾਸਰਾਜ ਮੰਦਰ ਲਈ ਰਵਾਨਾ ਹੋਣਗੇ। ਜਿੱਥੇ ਉਹ ਸ਼ਿਵਰਾਤਰੀ ਤੱਕ ਰੁਕਣਗੇ ਅਤੇ ਸ਼ਿਵਰਾਤਰੀ ਦਾ ਤਿਉਹਾਰ ਮਨਾਣਗੇ। ਉਹ 28 ਫਰਵਰੀ ਨੂੰ ਲਾਹੌਰ ਵਿੱਚ ਪੁਰਾਣੇ ਸ਼ਾਹੀ ਕਿਲ੍ਹੇ ਅਤੇ ਸ੍ਰੀ ਲਵ ਮਹਾਰਾਜ ਦੀ ਸਮਾਧੀ ਦੇਖਣ ਲਈ ਵੀ ਜਾਣਗੇ। ਇਕ ਮਾਰਚ ਨੂੰ ਸ਼੍ਰੀ ਕ੍ਰਿਸ਼ਨ ਜੀ ਮੰਦਿਰ ਵਿਖੇ ਨਤਮਸਤਕ ਹੋਣਗੇ ਅਤੇ 2 ਮਾਰਚ ਨੂੰ ਭਾਰਤ ਪਰਤ ਆਉਣਗੇ।