ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਵਰਦਾਨ ਬਣ ਰਿਹੈ ‘ਸਾਂਝਾ ਉਪਰਾਲਾ’
ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ, ਜਥੇਬੰਦੀਆਂ , ਦਾਨੀ ਸੱਜਣਾਂ ਅਤੇ ਪ੍ਰਸ਼ਾਸਨ ਵਲੋਂ ਮਿਲ ਕੇ ਸ਼ੁਰੂ ਕੀਤਾ ਗਿਆ ‘ਸਾਂਝਾ ਉਪਰਾਲਾ’ ਮਿਸ਼ਨ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ।
ਇਸ ‘ਸਾਂਝਾ ਉਪਰਾਲਾ’ ਪ੍ਰੋਗਰਾਮ ਤਹਿਤ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਦਰਦਮੰਦਾਂ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਘਰਾਂ ਵਿੱਚ ਜਾ ਕੇ ਪੱਖੇ, ਮੋਟਰ, ਵਾਸ਼ਿੰਗ ਮਸ਼ੀਨਾਂ, ਕੂਲਰ ਟਿਊਬਵੈੱਲ ਦੀਆਂ ਮੋਟਰਾਂ, ਟਰੈਕਟਰ ਤੇ ਹੋਰ ਖਰਾਬ ਹੋਏ ਸਮਾਨਾਂ ਦੀ ਰਿਪੇਅਰ ਕੀਤੀ ਜਾ ਰਹੀ ਹੈ ਤਾਂ ਜੋ ਦੁੱਖ ਦੀ ਘੜੀ ਵਿੱਚ ਲੋਕਾਂ ਦਾ ਸਾਥ ਦਿੱਤਾ ਜਾ ਸਕੇ। ਪਾਣੀ ਉਤਰਨ ਤੋਂ ਬਾਅਦ ਲੋਕਾਂ ਦੇ ਮਕਾਨ ਠੀਕ ਕਰਨ ਅਤੇ ਜਿਨ੍ਹਾਂ ਦੇ ਮਕਾਨ ਢਹਿ ਗਏ ਹਨ ਨੂੰ ਨਵੇਂ ਘਰ ਬਣਾ ਕੇ ਦੇਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ।
ਡੀਸੀ ਸਾਕਸ਼ੀ ਸਾਹਨੀ ਨੇ ਇਸ ਕੰਮ ਲਈ ਪੰਜਾਬ ਸਰਕਾਰ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ, ਜਥੇਬੰਦੀਆਂ ਤੇ ਹੋਰ ਦਾਨੀ ਪੁਰਸ਼ਾਂ ਦਾ ਸਾਥ ਲੈ ਕੇ ‘ਸਾਂਝਾ ਉਪਰਾਲਾ’ ਸ਼ੁਰੂ ਕੀਤਾ ਹੈ, ਜਿਸ ਦਾ ਮੁੱਖ ਮਕਸਦ ਅਜਿਹੇ ਪਰਿਵਾਰਾਂ ਦੀ ਸਹਾਇਤਾ ਕਰਨਾ ਹੈ, ਜੋ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਸਨ ਅਤੇ ਜਿਨਾਂ ਦੇ ਘਰ ਤੇ ਕਾਰੋਬਾਰ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ।
ਉਨ੍ਹਾਂ ਕਿਹਾ ਕਿ ਸਾਂਝੇ ਉਪਰਾਲੇ ਤਹਿਤ ਕਈ ਸਮਾਜਸੇਵੀ ਸੰਸਥਾਵਾਂ ਵੱਖ ਵੱਖ ਪਿੰਡਾਂ ਵਿੱਚ ਲੋੜਵੰਦਾਂ ਦੀ ਮਦਦ ਕਰ ਰਹੀਆਂ ਹਨ। ਇਸੇ ਹੀ ਤਹਿਤ ਕਲਗ਼ੀਧਰ ਟਰਸੱਟ ਗੁਰੂਦਵਾਰਾ ਬੜੂ ਸਾਹਿਬ ਵਲੋਂ ਪਿੰਡ ਘੋਨੇਵਾਲ ਤਹਿਸੀਲ ਰਾਮਦਾਸ ਵਿਖੇ ਪੱਖੇ, ਮੋਟਰ, ਵਾਸ਼ਿੰਗ ਮਸ਼ੀਨ, ਕੂਲਰ, ਰਿਪੇਅਰ ਦੀ ਸੇਵਾ ਚੱਲ ਰਹੀ ਹੈ। ਕਲਗੀਧਰ ਟਰਸਟ ਵੱਲੋਂ ਪੀੜਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਟਰੱਸਟ ਵੱਲੋਂ ਹੀ ਬੇਘਰ ਹੋਏ ਲੋਕਾਂ ਨੂੰ ਤੁਰੰਤ ਛੱਤ ਦੇਣ ਲਈ ਫੈਬਰੀਕੇਟਿਡ ਮਕਾਨ ਬਣਾਉਣ ਦਾ ਵੀ ਐਲਾਨ ਕੀਤਾ ਗਿਆ ਹੈ।
ਸੰਸਦ ਮੈਂਬਰ ਵਿਕਰਮਜੀਤ ਸਾਹਨੀ ਨੇ ਰੇਤਾ ਕੱਢਣ ਲਈ ਪੰਜ ਜੀਸੀਬੀ ਮਸ਼ੀਨਾਂ ਅਤੇ ਉਨ੍ਹਾਂ ਦੀ ਹੀ ਸੰਸਥਾ ‘ਸਨ ਫਾਊਂਡੇਸ਼ਨ’ ਨੇ ਲੋੜਵੰਦ ਘਰਾਂ ਦੀ ਰਿਪੇਅਰ ਕਰਨ ਲਈ ਪਲੰਬਰ ਅਤੇ ਇਲੈਕਟ੍ਰੀਸ਼ੀਅਨ ਦੇਣ ਦਾ ਐਲਾਨ ਕੀਤਾ ਹੈ।
ਮੁੜ ਸਥਾਪਤੀ ’ਚ ਛੇ ਮਹੀਨੇ ਲੱਗਣਗੇ: ਡੀਸੀ
ਸਾਕਸ਼ੀ ਸਾਹਨੀ ਨੇ ਕਿਹਾ, ‘‘ਅਜਿਹੇ ਪਰਿਵਾਰਾਂ ਨੂੰ ਘਰ ਬਣਾ ਕੇ ਦੇਣ ਅਤੇ ਉਨ੍ਹਾਂ ਦੇ ਕਾਰੋਬਾਰ ਮੁੜ ਸਥਾਪਤ ਕਰਨ ਲਈ ਸਾਨੂੰ ਤਿੰਨ ਤੋਂ ਛੇ ਮਹੀਨੇ ਦਾ ਸਮਾਂ ਲੱਗੇਗਾ। ਇਸ ਲਈ ਅਸੀਂ ਹੜ੍ਹ ਦਾ ਪਾਣੀ ਉਤਰਨ ਉਪਰੰਤ ਇਨਾ ਘਰਾਂ ਦਾ ਵਿਸ਼ੇਸ਼ ਸਰਵੇ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਵਿਸਥਾਰਤ ਰਿਪੋਰਟ ਤਿਆਰ ਕਰਕੇ ਕਿਸ ਪਿੰਡ ਵਿੱਚ, ਕਿਸ ਵਿਅਕਤੀ ਨੂੰ ਕੀ ਲੋੜ ਹੈ।’’ ਉਨ੍ਹਾਂ ਦੱਸਿਆ ਕਿ ਇਸ ਅਨੁਸਾਰ ਅਸੀਂ ਪੰਜਾਬ ਸਰਕਾਰ ਦੇ ਨਾਲ ਨਾਲ ਹੋਰ ਸੰਸਥਾਵਾਂ ਦਾ ਸਾਥ ਲੈ ਕੇ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਮੁੜ ਪੈਰਾਂ ਸਿਰ ਕਰਾਂਗੇ।