ਰੋਜ਼ੀ-ਰੋਟੀ ਚਲਾਉਣ ਲਈ ਕੁਝ ਤਾਂ ਕਰਨਾ ਜ਼ਰੂਰੀ ਹੈ: ਨਵਜੋਤ ਸਿੱਧੂ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 14 ਜੂਨ
‘ਕਪਿਲ ਸ਼ਰਮਾ ਸ਼ੋਅ’ ਨਾਲ ਮੁੜ ਜੁੜਨ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਪਰਤੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਰੋਜ਼ੀ-ਰੋਟੀ ਚਲਾਉਣ ਵਾਸਤੇ ਕੁਝ ਤਾਂ ਕਰਨਾ ਜ਼ਰੂਰੀ ਹੈ। ਉਹ ਅੱਜ ਇੱਥੇ ਕੁਈਨਜ਼ ਰੋਡ ’ਤੇ ਸਥਿਤ ਇਕ ਟੀ-ਸਟਾਲ ਵਿਖੇ ਪੁੱਜੇ ਸਨ, ਜਿੱਥੇ ਉਨ੍ਹਾਂ ਆਮ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੀਡੀਆ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਸ੍ਰੀ ਸਿੱਧੂ ਨੇ ਆਖਿਆ, ‘‘ਇਹ ਮੇਰਾ ਕੋਈ ਨਵਾਂ ਅਵਤਾਰ ਨਹੀਂ ਹੈ। ਮੈਂ ਪਹਿਲਾਂ ਵੀ ਇਹ ਕੰਮ ਕਰ ਚੁੱਕਾ ਹਾਂ ਅਤੇ ਹੁਣ ਘਰ ਦੀ ਰੋਜ਼ੀ-ਰੋਟੀ ਚਲਾਉਣ ਲਈ ਮੁੜ ਇਹ ਕੰਮ ਕਰਨ ਜਾ ਰਿਹਾ ਹਾਂ। ਮੈਂ ਹਮੇਸ਼ਾ ਹੱਕ ਹਲਾਲ ਦੀ ਕਮਾਈ ਕੀਤੀ ਹੈ। ਸਿਆਸਤ ਵਿੱਚੋਂ ਕੁਝ ਕਮਾਇਆ ਨਹੀਂ, ਸਗੋਂ ਗੁਆਇਆ ਹੀ ਹੈ। ਨਾ ਕੋਈ ਦੁਕਾਨ ਬਣਾਈ ਤੇ ਨਾ ਹੀ ਕੋਈ ਖੱਡ ਖਰੀਦੀ ਹੈ।’’
ਆਪਣਾ ਇੱਕ ਨਿੱਜੀ ਤਜਰਬਾ ਸਾਂਝਾ ਕਰਦਿਆਂ ਸਿੱਧੂ ਨੇ ਦੱਸਿਆ ਕਿ ਹੁਣ ਜਦੋਂ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਕੈਂਸਰ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਦਾ ਇਲਾਜ ਕਰਵਾਉਣਾ ਸੀ ਤਾਂ ਉਨ੍ਹਾਂ ਕੋਲ ਐਨੀ ਕੁ ਮਾਇਆ ਵੀ ਨਹੀਂ ਸੀ ਕਿ ਉਹ ਉਨ੍ਹਾਂ ਨੂੰ ਵਿਦੇਸ਼ ਇਲਾਜ ਲਈ ਲਿਜਾ ਸਕਦੇ, ਇਸ ਲਈ ਹੁਣ ਉਨ੍ਹਾਂ ਨੇ ਮੁੜ ਤੋਂ ਇਹ ਕੰਮ ਸ਼ੁਰੂ ਕੀਤਾ ਹੈ। ਹੁਣ ਉਹ ਕ੍ਰਿਕਟ ਕਮੈਂਟਰੀ ਵੀ ਕਰ ਰਹੇ ਹਨ ਅਤੇ ਕਈ ਹੋਰ ‘ਟਾਕ ਸ਼ੋਅ’ ਕਰ ਰਹੇ ਹਨ, ਜਿੱਥੇ ਉਹ ਆਪਣੀ ਮਰਜ਼ੀ ਦੇ ਮਾਲਕ ਹਨ ਅਤੇ ਸਵੈ-ਨਿਰਭਰ ਹਨ। ਸਿਆਸਤ ਦੇ ਤਜਰਬੇ ਤੋਂ ਕੁਝ ਨਿਰਾਸ਼ ਦਿਖਾਈ ਦਿੰਦੇ ਸ੍ਰੀ ਸਿੱਧੂ ਨੇ ਆਖਿਆ ਕਿ ਉਨ੍ਹਾਂ ਦਾ ਮਿਸ਼ਨ ਸਿਆਸਤ ਹੈ ਅਤੇ ਇਸ਼ਕ ਪੰਜਾਬ ਹੈ, ਜਿਸ ਲਈ ਉਹ ਕੁਝ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੀਤੀਆਂ ਵਿੱਚ ਸੁਧਾਰ ਲਿਆਉਣ ਅਤੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਆਪਣੇ ਵੱਲੋਂ ਵੱਡੇ ਯਤਨ ਕੀਤੇ ਹਨ ਪਰ ਕੁਝ ਨਹੀਂ ਬਦਲਿਆ ਹੈ। ਉਨ੍ਹਾਂ ਆਖਿਆ, ‘‘ਜਦੋਂ ਤੁਸੀਂ ਕਿਸੇ ਪਾਰਟੀ ਨਾਲ ਜੁੜਦੇ ਹੋ ਤਾਂ ਉੱਥੇ ਤੁਹਾਡੇ ਉੱਪਰ ਬੈਠਾ ਇੱਕ ਬੌਸ ਵੀ ਹੁੰਦਾ ਹੈ।’’
ਸਿੱਧੂ ਨੇ ਆਖਿਆ ਕਿ ਜੇਕਰ ਕੋਈ ਉਨ੍ਹਾਂ ਨੂੰ ਪੰਜਾਬ ਦੇ ਭਲੇ ਲਈ ਆਖੇਗਾ ਤਾਂ ਉਹ ਉਸ ਲਈ ਕੁਝ ਵੀ ਕਰਨ ਨੂੰ ਤਿਆਰ ਹਨ।
ਪੰਜਾਬ ਦੀ ਮੌਜੂਦਾ ਸਿਆਸੀ ਅਤੇ ਆਰਥਿਕ ਸਥਿਤੀ ’ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਪਿਛਲੇ 30 ਸਾਲਾਂ ਤੋਂ ਮਾਫੀਆ ਦੀ ਸਰਪ੍ਰਸਤੀ ਕੀਤੀ ਜਾ ਰਹੀ। ਕਿਸੇ ਵੀ ਸਿਆਸਤਦਾਨ ਨੇ ਕੋਈ ਨੀਤੀ ਨਹੀਂ ਬਦਲੀ ਤਾਂ ਲੋਕਾਂ ਦੀ ਜ਼ਿੰਦਗੀ ਕਿਵੇਂ ਬਦਲੇਗੀ। ਹਰੇਕ ਕੋਈ ਆਉਂਦਾ ਹੈ ਤੇ ਆਪਣਾ ਹਿੱਸਾ ਲੈ ਕੇ ਪਿੱਛੇ ਹਟ ਜਾਂਦਾ ਹੈ। ਕਰਜ਼ੇ ਲੈ ਕੇ ਸਰਕਾਰਾਂ ਨੂੰ ਚਲਾਇਆ ਜਾ ਰਿਹਾ ਹੈ। ਹਾਲਾਂਕਿ, ਉਨ੍ਹਾਂ ਨੇ ਇਸ ਗੱਲ ’ਤੇ ਸੰਤੁਸ਼ਟ ਪ੍ਰਗਟਾਈ ਕਿ ਉਨ੍ਹਾਂ ਨੇ ਨਾ ਤਾਂ ਆਪਣੇ ਜ਼ਮੀਰ ਨਾਲ ਤੇ ਨਾ ਹੀ ਕਿਰਦਾਰ ਨਾਲ ਕੋਈ ਸਮਝੌਤਾ ਕੀਤਾ ਹੈ।