ਬਾਂਹ ਫੜਨ ਦੀ ਬਜਾਏ ਪੰਜਾਬ ’ਤੇ ਇਲਜ਼ਾਮ ਲਾ ਰਿਹੈ ਕੇਂਦਰ: ਧਾਲੀਵਾਲ
ਰਾਵੀ ਦਰਿਆ ਦੇ ਪਾਣੀ ਕਾਰਨ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਕਰ ਰਹੇ ਹਲਕੇ ਦੇ ਵਿਧਾਇਕ ਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਹੜ੍ਹਾਂ ਮਾਰੇ ਲੋਕਾਂ ਦੀ ਬਾਂਹ ਤਾਂ ਕੀ ਫੜਨੀ ਸੀ ਉਲਟਾ ਪੰਜਾਬ ਉਪਰ ਇਲਜ਼ਾਮ ਲਾਏ ਜਾ ਰਹੇ ਹਨ।
ਅੱਜ ਹੜ੍ਹ ਪ੍ਰਭਾਵਿਤ ਖੇਤਰ ਵਿਚ ਰਾਵੀ ਦਰਿਆ ਵਲੋਂ ਪਿੰਡ ਘੋਨੇਵਾਲ ਨੇੜਿਓਂ ਧੁੱਸੀ ਬੰਨ੍ਹ ਵਿਚ ਪਾਏ ਪਾੜ ਨੂੰ ਪੂਰਨ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਇਸ ਤੋਂ ਵੱਡੀ ਤਰਾਸਦੀ ਹੋਰ ਕੀ ਹੋ ਸਕਦੀ ਹੈ ਕਿ ਕੇਂਦਰ ਸਰਕਾਰ ਵਲੋਂ ਇਸ ਦੁੱਖ ਦੀ ਘੜੀ ਵਿੱਚ ਸਾਥ ਦੇਣ ਦੀ ਬਜਾਏ ਸਾਡੇ ਉਪਰ ਹੜ੍ਹ ਲਿਆਉਣ ਦੇ ਹੀ ਇਲਜ਼ਾਮ ਲਾਏ ਜਾ ਰਹੇ ਹਨ। ਪਹਿਲਾਂ ਕਈ ਦਿਨ ਕੇਂਦਰ ਸਰਕਾਰ ਪੰਜਾਬ ਨੂੰ ਬਰਬਾਦ ਹੁੰਦਾ ਵੇਖਦੀ ਰਹੀ ਅਤੇ ਅਖੀਰ ਜਦੋਂ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਹਾਲਾਤ ਵੇਖ ਕੇ ਗਏ ਤਾਂ ਪੰਜਾਬ ਨੂੰ ਪੈਕੇਜ ਦੇਣ ਦੀ ਬਜਾਏ ਪੰਜਾਬ ਉਪਰ ਹੀ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਜੋ ਬਹੁਤ ਸ਼ਰਮਨਾਕ ਗੱਲ ਹੈ।
ਉਹਨਾਂ ਕਿਹਾ ਕਿ ਰਾਵੀ ਦਰਿਆ ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ ਵਹਿੰਦਾ ਹੋਣ ਕਰਕੇ ਪੰਜ ਕਿਲੋਮੀਟਰ ਖੇਤਰ ਵਿਚ ਭਾਰਤੀ ਫੌਜ ਅਤੇ ਬੀ ਐਸ ਐਫ ਵਲੋਂ ਕਿਸੇ ਤਰ੍ਹਾਂ ਦੀ ਮਾਈਨਿੰਗ ਕਰਨ ’ਤੇ ਪਾਬੰਦੀ ਲਾਗਾਈ ਗਈ ਸੀ ਅਤੇ ਇਹ ਖੇਤਰ ਇਨ੍ਹਾਂ ਅਧੀਨ ਆਉਂਦਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜੇਕਰ ਇਸ ਖੇਤਰ ਵਿਚ ਮਾਈਨਿੰਗ ਹੋਈ ਹੈ ਤਾਂ ਇਸ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਅਤੇ ਇਹ ਮਾਈਨਿੰਗ ਕੇਂਦਰ ਨੇ ਕਰਵਾਈ ਹੋਵੇਗੀ। ਸ੍ਰੀ ਧਾਲੀਵਾਲ ਨੇ ਕਿਹਾ ਕਿ ਉਹਨਾਂ ਨੇ 2 ਜੁਲਾਈ ਨੂੰ ਕੇਂਦਰੀ ਮੰਤਰੀ ਸੀ ਐਲ ਪਾਟਿਲ ਨਾਲ ਮੁਲਾਕਾਤ ਕਰਦਿਆਂ ਦੱਸਿਆ ਸੀ ਕਿ ਰਾਵੀ ਦਰਿਆ ਦੇ ਕੰਢੇ ਉਪਰ ਬਣੀਆਂ ਬੀ ਓ ਪੀ ਪਾਣੀ ਆਉਣ ਕਾਰਨ ਰੁੜ੍ਹ ਸਕਦੀਆਂ ਹਨ ਜਿਸ ਦੀ ਮੁਰੰਮਤ ਲਈ 40 ਕਰੋੜ ਰੁਪਏ ਦਿੱਤੇ ਜਾਣ। ਇਹ ਪੈਸਾ ਕੇਂਦਰ ਸਰਕਾਰ ਨੇ ਦੇਣਾ ਸੀ ਪਰ ਕੋਈ ਪੈਸਾ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਭਾਜਪਾ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਹੈ ਇਸੇ ਕਰਕੇ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।