DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

India-Pak Ceasefire: ਜਥੇਦਾਰ ਗੜਗੱਜ ਵੱਲੋਂ ਜੰਗਬੰਦੀ ਦਾ ਸਵਾਗਤ, ਕਿਹਾ: ਜੰਗ ਨਹੀਂ, ਅਮਨ ਤੇ ਭਾਈਚਾਰੇ ਦੀ ਲੋੜ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 10 ਮਈ India-Pak Ceasefire: ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਜੰਗਬੰਦੀ ਦੇ ਫੈਸਲੇ ਦਾ ਸਵਾਗਤ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਆਖਿਆ ਕਿ ਉਹ ਪਹਿਲੇ ਦਿਨ ਤੋਂ ਹੀ ਇਸ...
  • fb
  • twitter
  • whatsapp
  • whatsapp
Advertisement

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 10 ਮਈ

Advertisement

India-Pak Ceasefire: ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਜੰਗਬੰਦੀ ਦੇ ਫੈਸਲੇ ਦਾ ਸਵਾਗਤ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਆਖਿਆ ਕਿ ਉਹ ਪਹਿਲੇ ਦਿਨ ਤੋਂ ਹੀ ਇਸ ਗੱਲ ਦੇ ਧਾਰਨੀ ਹਨ ਕਿ ਇਨ੍ਹਾਂ ਦੋਵਾਂ ਮੁਲਕਾਂ ਵਿਚਕਾਰ ਜੰਗ ਨਹੀਂ ਲੱਗਣੀ ਚਾਹੀਦੀ। ਇਸ ਸਬੰਧੀ ਉਨ੍ਹਾਂ ਨੇ ਬੀਤੇ ਕੱਲ੍ਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਦੇ ਸਨਮੁੱਖ ਅਰਦਾਸ ਵੀ ਕੀਤੀ ਸੀ।

ਉਨ੍ਹਾਂ ਕਿਹਾ ਕਿ ਇਸ ਜੰਗਬੰਦੀ ਲਈ ਦੇਸ਼ ਅਤੇ ਵਿਦੇਸ਼ ਦੇ ਜਿਹੜੇ ਵੀ ਆਗੂਆਂ ਨੇ ਅਹਿਮ ਭੂਮਿਕਾ ਨਿਭਾਈ ਹੈ, ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਖ਼ਿੱਤੇ ਨੂੰ ਜੰਗ ਦੀ ਨਹੀਂ ਬਲਕਿ ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਲੋੜ ਹੈ। ਲਗਭਗ 70 ਸਾਲਾਂ ਦੇ ਸਿੱਖ ਮਿਸਲ ਦੇ ਰਾਜ ਕਾਲ ਤੋਂ ਸਬਕ ਲੈਣ ਦੀ ਲੋੜ ਹੈ ਨਾ ਕਿ ਬੀਤੇ ਵਿੱਚ ਹੋਈਆਂ ਗਲਤੀਆਂ ਨੂੰ ਦੁਹਰਾਉਣ ਦੀ।

ਜਥੇਦਾਰ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾ ਹੀ ਜ਼ੁਲਮ ਅਤੇ ਜ਼ਿਆਦਤੀ ਦੇ ਖਿਲਾਫ਼ ਡਟ ਕੇ ਖੜ੍ਹਦੀ ਰਹੀ ਹੈ ਅਤੇ ਦੇਸ਼ ਦੀ ਰੱਖਿਆ ਲਈ ਵੀ ਸਿੱਖਾਂ ਦੀ ਭੂਮਿਕਾ ਮੋਹਰੀ ਹੈ। ਪਰ ਜੰਗ ਮਨੁੱਖਤਾ ਲਈ ਘਾਤਕ ਹੈ, ਜਿਸ ਵਿੱਚ ਬੇਗੁਨਾਹਾਂ ਦੀਆਂ ਜਾਨਾਂ ਜਾਂਦੀਆਂ ਹਨ। ਇਸ ਲਈ ਦੋਵੇਂ ਧਿਰਾਂ ਨੂੰ ਹਰ ਮਸਲਾ ਗੱਲਬਾਤ ਰਾਹੀਂ ਹੀ ਹੱਲ ਕਰਨਾ ਚਾਹੀਦਾ ਹੈ।

ਦੂਜੇ ਪਾਸੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਵਿੱਚ ਪੰਜਾਬ ਰਾਜ ਭਵਨ ਵਿਖੇ ਸਥਿਤ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਖੇ ਸਰਵ ਧਰਮ ਬੈਠਕ ਬੁਲਾਈ ਸੀ, ਜਿਸ ਵਿੱਚ ਸ਼ਮੂਲੀਅਤ ਕਰਨ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਸੱਦਾ ਪੁੱਜਿਆ ਸੀ। ਜਥੇਦਾਰ ਗੜਗੱਜ ਨੇ ਇਸ ਬੈਠਕ ਵਿੱਚ ਜਸਕਰਨ ਸਿੰਘ, ਮੀਡੀਆ ਸਲਾਹਕਾਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਤੌਰ ਨੁਮਾਇੰਦਾ ਭੇਜ ਕੇ ਆਪਣੇ ਵਿਚਾਰ ਰਾਜਪਾਲ ਪੰਜਾਬ ਨਾਲ ਸਾਂਝੇ ਕੀਤੇ।

ਪੰਜਾਬ ਰਾਜ ਭਵਨ ਵਿਖੇ ਬੈਠਕ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਇਹ ਵਿਚਾਰ ਰੱਖੇ ਗਏ ਕਿ ਪੰਜਾਬ ਲੜਾਈ ਦਾ ਜ਼ੋਨ ਨਹੀਂ ਬਣਨਾ ਚਾਹੀਦਾ, ਕਿਉਂਕਿ ਇੱਥੇ ਸਿੱਖਾਂ ਦੀ ਵਿਰਾਸਤ ਅਤੇ ਜਾਨ ਤੋਂ ਪਿਆਰੇ ਧਾਰਮਿਕ ਅਸਥਾਨ ਮੌਜੂਦ ਹਨ, ਜਿਨ੍ਹਾਂ ਦੀ ਸੁਰੱਖਿਆ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਖ਼ਾਸਕਰ ਸਿੱਖਾਂ ਤੇ ਹਿੰਦੂਆਂ ਨੇ ਸੰਨ 1947 ਤੋਂ ਲੈ ਕੇ ਹੁਣ ਤੱਕ ਬਹੁਤ ਵੱਡੇ ਨੁਕਸਾਨ ਝੱਲੇ ਹਨ। ਵੱਡੀ ਗਿਣਤੀ ਵਿੱਚ ਪਵਿੱਤਰ ਗੁਰਧਾਮ ਵੰਡ ਸਮੇਂ ਪਾਕਿਸਤਾਨ ਵਾਲੇ ਪਾਸੇ ਰਹਿ ਗਏ। ਇਸੇ ਤਰ੍ਹਾਂ ਬਹੁਤ ਸਾਰੇ ਹਿੰਦੂ ਮੰਦਰ ਵੀ ਉਸ ਪਾਸੇ ਰਹਿ ਗਏ ਸਨ।

ਉਨ੍ਹਾਂ ਵਿਚਾਰ ਰੱਖਿਆ ਕਿ ਸਥਿਤੀ ਨੂੰ ਲੜਾਈ ਵਾਲੇ ਪਾਸੇ ਨਹੀਂ ਵਧਣ ਦੇਣਾ ਚਾਹੀਦਾ, ਇਸ ਨੂੰ ਸਫ਼ਾਰਤੀ ਪੱਧਰ ਉੱਤੇ ਸੰਯੁਕਤ ਰਾਸ਼ਟਰ ਅਤੇ ਅਮਰੀਕਾ ਜਿਹੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਵਿੱਚ ਪਾ ਕੇ ਤੁਰੰਤ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸੂਬਾ ਪਹਿਲਾਂ ਹੀ ਕਰਜ਼ੇ ਵਿੱਚ ਡੁੱਬਿਆ ਹੈ ਅਤੇ ਜੰਗ ਨਾਲ ਵਿੱਤੀ ਸੰਕਟ ਹੋਰ ਵਧੇਗਾ।

ਉਨ੍ਹਾਂ ਕਿਹਾ, ‘‘ਲਗਭਗ 70 ਸਾਲਾਂ ਦੇ ਸਿੱਖ ਮਿਸਲ ਤੇ ਰਾਜ ਕਾਲ ਵਿੱਚ ਸਾਰੇ ਭਾਈਚਾਰਿਆਂ ਵਿੱਚ ਆਪਸੀ ਸਦਭਾਵਨਾ ਇਸ ਖ਼ਿੱਤੇ ਵਿੱਚ ਕਾਇਮ ਹੋਈ ਸੀ ਅਤੇ ਉਸ ਤੋਂ ਬਾਅਦ ਦੇ ਸਮੇਂ ਵਿੱਚ ਇੱਥੇ ਅਜਿਹੀ ਫ਼ਿਰਕਾਪ੍ਰਸਤੀ ਪੈਦਾ ਕੀਤੀ ਗਈ, ਜਿਸ ਦੇ ਨਤੀਜੇ ਅੱਜ ਅਸੀਂ ਦੇਖ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਜੇ ਜੰਗ ਲੱਗਦੀ ਹੈ ਤਾਂ ਮੌਜੂਦਾ ਸਮੇਂ ਨਤੀਜੇ ਬਹੁਤ ਗੰਭੀਰ ਤੇ ਮਾੜੇ ਹੋਣਗੇ, ਕਿਉਂਕਿ ਦੋਵੇਂ ਦੇਸ਼ ਹੁਣ ਪਰਮਾਣੂ ਤਾਕਤਾਂ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜੇ ਦੋਵੇਂ ਸਰਕਾਰਾਂ ਚਾਹੁੰਦੀਆਂ ਹਨ ਕਿ ਇਸ ਖਿੱਤੇ ਵਿੱਚ ਸ਼ਾਂਤੀ ਸਥਾਪਤ ਹੋਵੇ ਤਾਂ ਇਸ ਲਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੇ ਸੰਦਰਭ ਵਿੱਚ ਸਿੱਖਾਂ ਨੂੰ ਅਹਿਮ ਭੂਮਿਕਾ ਨਿਭਾਉਣ ਦੇਣੀ ਚਾਹੀਦੀ ਹੈ ਅਤੇ ਸਾਂਝੇ ਯਤਨਾਂ ਨਾਲ ਵਿਸਾਰੇ ਗਏ ਸਿੱਖ ਇਤਿਹਾਸ ਨੂੰ ਉਭਾਰਨ ਦੀ ਵੱਡੀ ਲੋੜ ਹੈ।

ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਵਿਚਕਾਰ ਆਪਸੀ ਭਾਈਚਾਰਕ ਸਾਂਝ ਕਾਇਮ ਰਹਿਣੀ ਅਤਿ ਜ਼ਰੂਰੀ ਹੈ ਤਾਂ ਜੋ ਇਸ ਖ਼ਿੱਤੇ ਦੇ ਲੋਕ ਸੁਖੀ ਤੇ ਖੁਸ਼ਹਾਲ ਜੀਵਨ ਬਤੀਤ ਕਰ ਸਕਣ। ਪੰਜਾਬ ਦੇ ਲੋਕਾਂ ਦੀ ਲਗਾਤਾਰ ਮੰਗ ਰਹੀ ਹੈ ਕਿ ਪਾਕਿਸਤਾਨ ਨਾਲ ਲੱਗਦੇ ਬਾਰਡਰਾਂ ਨੂੰ ਦੁਵੱਲੇ ਵਪਾਰ ਲਈ ਖੋਲ੍ਹਿਆ ਜਾਵੇ ਤਾਂ ਜੋ ਇਸ ਖ਼ਿੱਤੇ ਦੀ ਤਰੱਕੀ ਹੋ ਸਕੇ ਅਤੇ ਇੱਥੇ ਪੈਦਾ ਹੁੰਦੀਆਂ ਫਸਲਾਂ ਨੂੰ ਉੱਧਰ ਵੇਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇ ਦੋਵੇਂ ਦੇਸ਼ ਆਪਸ ਵਿੱਚ ਕੁੜੱਤਣ ਵਾਲਾ ਮਾਹੌਲ ਖਤਮ ਨਹੀਂ ਕਰਦੇ ਤਾਂ ਇਹ ਇਸ ਖ਼ਿੱਤੇ ਦੀ ਖੁਸ਼ਹਾਲੀ ਲਈ ਵੱਡੀ ਅੜਚਨ ਹੈ।

Advertisement
×