ਆਜ਼ਾਦੀ ਦਿਵਸ: ਬੀਐੱਸਐੱਫ਼ ਅਧਿਕਾਰੀਆਂ ਨੇ ਕੌਮੀ ਝੰਡਾ ਲਹਿਰਾਇਆ
ਦੇਸ਼ ਦੇ 79ਵੇਂ ਆਜ਼ਾਦੀ ਦਿਵਸ ਮੌਕੇ ਬੀਐੱਸਐਫ ਦੇ ਡਾਇਰੈਕਟਰ ਜਨਰਲ (ਡੀਜੀ) ਦਲਜੀਤ ਸਿੰਘ ਚੌਧਰੀ ਨੇ ਬੀਐੱਸਐੱਫ ਸੈਕਟਰ ਹੈੱਡਕੁਆਰਟਰ, ਅੰਮ੍ਰਿਤਸਰ ਵਿਖੇ ਕੌਮੀ ਝੰਡਾ ਲਹਿਰਾਇਆ ਅਤੇ ਬੀਐੱਸਐੱਫ ਦੇ ਸਮੂਹ ਜਵਾਨਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ।
ਆਜਾਦੀ ਦਿਵਸ ਸਮਾਗਮ ਵਿੱਚ ਸ਼੍ਰੀ ਸਤੀਸ਼ ਐਸ. ਖੰਡਾਰੇ, ਏਡੀਜੀ ਬੀਐਸਐਫ, ਡਾ. ਅਤੁਲ ਫੁਲਜ਼ੇਲੇ, ਆਈਜੀ ਬੀਐਸਐਫ ਪੰਜਾਬ, ਬੀਐਸਐਫ ਦੇ ਸੀਨੀਅਰ ਅਧਿਕਾਰੀ ਅਤੇ ਜਵਾਨ ਸ਼ਾਮਲ ਹੋਏ।
ਸਾਰੇ ਬੀਐੱਸਐੰਫ ਕਰਮਚਾਰੀਆਂ ਅਤੇ ਪਰਿਵਾਰਾਂ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਡੀਜੀ ਨੇ ਹਰ ਸਥਿਤੀ ਵਿੱਚ ਭਾਰਤ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਬੀਐੱਸਐੱਫ ਦੇ ਅਟੁੱਟ ਸੰਕਲਪ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਆਜ਼ਾਦੀ ਘੁਲਾਟੀਆਂ ਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਲਈ ਦਿਲੋਂ ਸ਼ਰਧਾਂਜਲੀ ਭੇਟ ਕੀਤੀ ਅਤੇ ਡਿਊਟੀ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ ਸੁਰੱਖਿਆ ਕਰਮਚਾਰੀਆਂ ਨੂੰ ਸਲਾਮ ਕੀਤਾ। ਉਨ੍ਹਾਂ ਅਪਰੇਸ਼ਨ ਸਿੰਧੂਰ ਦੌਰਾਨ ਬੀਐੱਸਐੱਫ ਕਰਮਚਾਰੀਆਂ ਦੁਆਰਾ ਦਿਖਾਈ ਗਈ ਬਹਾਦਰੀ ਅਤੇ ਹਿੰਮਤ ਦੀ ਭਰਵੀ ਪ੍ਰਸ਼ੰਸਾ ਕੀਤੀ।
ਇਸ ਦੌਰਾਨ ਪੰਜਾਬ ਭਰ ਵਿੱਚ ਸਾਰੇ ਬੀਐੱਸਐੱਫ ਹੈੱਡਕੁਆਰਟਰ ਅਤੇ ਯੂਨਿਟਾਂ 'ਤੇ ਤਿਰੰਗਾ ਲਹਿਰਾਇਆ ਗਿਆ। ਫਰੰਟੀਅਰ ਹੈੱਡਕੁਆਰਟਰ ਜਲੰਧਰ ਵਿਖੇ ਡੀਆਈਜੀ (ਪੀਐਸਓ) ਸ਼੍ਰੀ ਸੀ. ਐਚ. ਸੇਠੁਰਾਮ ਨੇ ਸਮਾਰੋਹ ਦੀ ਅਗਵਾਈ ਕੀਤੀ, ਜਦੋਂ ਕਿ ਜੇਸੀਪੀ ਅਟਾਰੀ ਵਿਖੇ ਡੀਆਈਜੀ ਬੀਐਸਐਫ ਅੰਮ੍ਰਿਤਸਰ ਨੇ ਝੰਡਾ ਲਹਿਰਾਇਆ।
ਇਸ ਦੌਰਾਨ ਅਟਾਰੀ ਸਰਹੱਦ ’ਤੇ ਵੀ ਬੀਐੱਸਐੱਫ ਦੇ ਡੀਆਈਜੀ ਵੱਲੋਂ ਬੀਐੱਸਐੱਫ ਜਵਾਨਾਂ ਨੂੰ ਆਜ਼ਾਦੀ ਦਿਵਸ ਮੌਕੇ ਖੁਸ਼ੀ ਵਜੋਂ ਮਿਠਾਈਆਂ ਵੰਡੀਆਂ।