ਰਾਜਨ ਮਾਨ
ਮਜੀਠਾ, 4 ਮਈ
ਪਿੰਡ ਅਦਲੀਵਾਲ ਵਿਚ ਬੀਤੇ ਦਿਨ ਚੱਲੀ ਤੇਜ਼ ਹਨੇਰੀ ਕਾਰਨ ਅੱਗ ਲੱਗਣ ਕਰ ਕੇ ਗੁੱਜਰ ਪਰਿਵਾਰ ਦੇ 30 ਦੇ ਕਰੀਬ ਦੁਧਾਰੂ ਪਸ਼ੂਆਂ ਦੀ ਝੁਲਸਣ ਕਾਰਨ ਮੌਤ ਅਤੇ ਘਰਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋਣ ਕਰਕੇ ਅਮਰੀਕਾ ਰਹਿੰਦੇ ਪਰਵਾਸੀ ਪੰਜਾਬੀ ਹਰਪ੍ਰੀਤ ਸਿੰਘ ਨੇ ਇਸ ਦੁੱਖ ਦੀ ਘੜੀ ਵਿੱਚ ਬਾਂਹ ਫੜਦਿਆਂ ਇਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਦੋ ਦੋ ਸੂਟ ਅਤੇ 10 ਪੱਖੇ ਅਤੇ ਹੋਰ ਸਾਮਾਨ ਲੈ ਕੇ ਦਿੱਤਾ ਹੈ।
ਇਹ ਸੇਵਾ ਸਮਾਜ ਸੇਵੀ ਸੁਖਜਿੰਦਰ ਸਿੰਘ ਹੇਰ ਵਲੋਂ ਆਪਣੇ ਅਮਰੀਕਾ ਵੱਸਦੇ ਦੋਸਤ ਹਰਪ੍ਰੀਤ ਸਿੰਘ ਲਈ ਕੀਤੀ ਗਈ ਹੈ। ਸੁਖਜਿੰਦਰ ਸਿੰਘ ਹੇਰ ਨੇ ਦੱਸਿਆ ਕਿ ਬੀਤੇ ਦਿਨ ਵਾਪਰੀ ਇਸ ਦਰਦਨਾਕ ਘਟਨਾ ਨੇ ਉਨ੍ਹਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਸਨ। ਉਨ੍ਹਾਂ ਕਿਹਾ ਕਿ ਹਰਪ੍ਰੀਤ ਨੇ ਇਹ ਖਬਰ ਸੁਣਦਿਆਂ ਹੀ ਤੁਰੰਤ ਇਨ੍ਹਾਂ ਪਰਿਵਾਰਾਂ ਦੀ ਮਦਦ ਕਰਨ ਲਈ ਕਦਮ ਚੁੱਕਿਆ। ਉਨ੍ਹਾਂ ਕਿਹਾ ਕਿ ਉਹ ਅੱਜ ਸਾਰੇ ਪਰਿਵਾਰਾਂ ਦੇ ਮੈਂਬਰਾਂ ਦੇ ਦੋ ਦੋ ਸੂਟ, 10 ਪੱਖੇ ਅਤੇ ਹੋਰ ਸਮਾਨ ਦੇਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਵਿਚ ਇਨ੍ਹਾਂ ਲੋਕਾਂ ਨਾਲ ਖੜੇ ਹੋਣਾ ਸਾਡਾ ਇਨਸਾਨੀ ਫ਼ਰਜ਼ ਬਣਦਾ ਹੈ।