ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸਥਾਨਕ ਤਰਨ ਤਾਰਨ ਬਾਈਪਾਸ ਨੇੜੇ ਇੱਕ ਮਕਾਨ ਦੀ ਕੰਧ ਡਿੱਗ ਪਈ ਅਤੇ ਲੈਂਟਰ ਵਿੱਚ ਵੀ ਤਰੇੜਾਂ ਗਈਆਂ, ਪਰ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ।
ਮਕਾਨ ਮਾਲਕ ਅਵਤਾਰ ਸਿੰਘ ਨੇ ਦੱਸਿਆ ਉਹ ਆਪਣੇ ਘਰ ਵਿੱਚ ਹੀ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ਅਤੇ ਬੀਤੇ ਕੁਝ ਦਿਨਾਂ ਤੋਂ ਪੈ ਰਹੀ ਲਗਾਤਾਰ ਬਰਸਾਤ ਕਾਰਨ ਅਤੇ ਨਾਲ ਲੱਗਦੇ ਖੇਤਾਂ ਵਿੱਚ ਪਾਣੀ ਭਰ ਗਿਆ ਤੇ ਉਸ ਦੇ ਘਰ ਦੀ ਕੰਧ ਥੱਲਿਓਂ ਮਿੱਟੀ ਖਿਸਕਣ ਕਾਰਨ ਉਸ ਦੇ ਘਰ ਦੀ ਲਗਪਗ 20-25 ਫੁੱਟ ਲੰਬੀ ਕੰਧ ਡਿੱਗ ਪਈ। ਮਕਾਨ ਮਾਲਕ ਅਵਤਾਰ ਸਿੰਘ ਨੇ ਬਹੁਤ ਹੀ ਮਾਯੂਸੀ ਦੀ ਹਾਲਤ ਵਿੱਚ ਕਿਹਾ ਉਹ ਆਪਣਾ ਗੁਜ਼ਾਰਾ ਕਰਨ ਲਈ ਆਪਣੇ ਘਰ ਦੇ ਵਿੱਚ ਹੀ ਛੋਟੀ ਜਿਹੀ ਕਰਾਨੀ ਦੀ ਦੁਕਾਨ ਚਲਾਉਂਦਾ ਹੈ ਤੇ ਉਸ ਦੀ ਮਾਲੀ ਹਾਲਤ ਵੀ ਬਹੁਤੀ ਚੰਗੀ ਨਹੀਂ ਹੈ। ਉਸ ਨੇ ਦੱਸਿਆ ਕੁਝ ਦਿਨ ਪਹਿਲਾਂ ਹੀ ਚੋਰ ਉਸ ਦੇ ਘਰ ਵਿੱਚ ਲੱਗਿਆ ਸਬਮਰਸੀਬਲ ਪੰਪ ਚੋਰੀ ਕਰਕੇ ਲੈ ਗਏ ਅਤੇ ਹੁਣ ਉਸ ਉੱਪਰ ਇਹ ਕੁਦਰਤੀ ਕਰੋਪੀ ਆ ਗਈ ਹੈ। ਉਸ ਦੇ ਮਕਾਨ ਦਾ ਲੈਂਟਰ ਵੀ ਨੁਕਸਾਨਿਆ ਗਿਆ ਹੈ ਅਤੇ ਕਿਸੇ ਵੇਲੇ ਵੀ ਡਿੱਗ ਸਕਦਾ ਹੈ ਜਿਸ ਕਾਰਨ ਉਸ ਨੂੰ ਆਪਣਾ ਪਰਿਵਾਰ ਕਿਤੇ ਹੋਰ ਛੱਡਣਾ ਪਿਆ ਹੈ।
ਸ਼ਿਵ ਸੈਨਾ ਬਾਲ ਠਾਕਰੇ ਜੰਡਿਆਲਾ ਗੁਰੂ ਦੇ ਪ੍ਰਧਾਨ ਅਤੇ ਸਮਾਜ ਸੇਵਕ ਰਜਿੰਦਰ ਨੀਟੂ ਨੇ ਕਿਹਾ ਕਿ ਅਵਤਾਰ ਸਿੰਘ ਦੀ ਮਾਲੀ ਹਾਲਤ ਬਹੁਤੀ ਚੰਗੀ ਨਹੀਂ ਹੈ ਅਤੇ ਦੂਜਾ ਹੁਣ ਉਸ ਦਾ ਇਹ ਭਾਰੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਅਵਤਾਰ ਸਿੰਘ ਦਾ ਨੁਕਸਾਨ ਹੋਣ ਤੋਂ ਬਾਅਦ ਕੋਈ ਵੀ ਸਿਆਸੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਉਸ ਦੀ ਸਾਰ ਲੈਣ ਨਹੀਂ ਪਹੁੰਚਿਆ। ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਅਵਤਾਰ ਸਿੰਘ ਦੀ ਮਦਦ ਕਰਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ।