DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰੀਕਾ ’ਚ ਸਥਾਪਤ ਹੋਵੇਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪਹਿਲਾ ਕੈਂਪਸ

ਗੁਰੂ ਨਾਨਕ ਦੇਵ ਯੂਨੀਵਰਸਿਟੀ ਅਗਲੇ ਸੈਸ਼ਨ ਤੋਂ ਹਰ ਵਿਦਿਆਰਥੀ ਲਈ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਦਾ ਵੱਖਰਾ ਲਾਜ਼ਮੀ ਕੋਰਸ ਸ਼ੁਰੂ ਕਰਨ ਦੇ ਨਾਲ ਸਿੱਖ ਫ਼ਿਲਾਸਫ਼ੀ ਵਿਭਾਗ ਨੂੰ ਮੁੜ ਸੁਰਜੀਤ ਕਰਕੇ ਗੁਰਮਿਤ ਸੰਗੀਤ, ਸਿੱਖ ਥਿਊਲੋਜੀ ਤੇ ਗੁਰਮਤਿ ਸਾਹਿਤ ਵਿੱਚ ਸਰਟੀਫਿਕੇਟ ਤੇ...

  • fb
  • twitter
  • whatsapp
  • whatsapp
Advertisement
ਗੁਰੂ ਨਾਨਕ ਦੇਵ ਯੂਨੀਵਰਸਿਟੀ ਅਗਲੇ ਸੈਸ਼ਨ ਤੋਂ ਹਰ ਵਿਦਿਆਰਥੀ ਲਈ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਦਾ ਵੱਖਰਾ ਲਾਜ਼ਮੀ ਕੋਰਸ ਸ਼ੁਰੂ ਕਰਨ ਦੇ ਨਾਲ ਸਿੱਖ ਫ਼ਿਲਾਸਫ਼ੀ ਵਿਭਾਗ ਨੂੰ ਮੁੜ ਸੁਰਜੀਤ ਕਰਕੇ ਗੁਰਮਿਤ ਸੰਗੀਤ, ਸਿੱਖ ਥਿਊਲੋਜੀ ਤੇ ਗੁਰਮਤਿ ਸਾਹਿਤ ਵਿੱਚ ਸਰਟੀਫਿਕੇਟ ਤੇ ਡਿਪਲੋਮਾ ਕੋਰਸ ਸ਼ੁਰੂ ਕਰੇਗੀ। ਯੂਨੀਵਰਸਿਟੀ ਦੇ 56ਵੇਂ ਸਥਾਪਨਾ ਦਿਵਸ ਸਮਾਰੋਹ ਦੌਰਾਨ ਪ੍ਰਧਾਨਗੀ ਭਾਸ਼ਣ ਦਿੰਦਿਆਂ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਐਲਾਨ ਕੀਤਾ ਕਿ ਜਲਦੀ ਹੀ ਅਮਰੀਕਾ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪਹਿਲਾ ਵਿਦੇਸ਼ੀ ਕੈਂਪਸ ਸਥਾਪਤ ਹੋ ਜਾਵੇਗਾ, ਜਿਸ ਦੇ ਲਈ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਵਿਸ਼ੇਸ਼ ਮੱਦਦ ਕਰ ਰਹੇ ਹਨ। ਇਸ ਤੋਂ ਪਹਿਲਾਂ ਨਾਮਵਰ ਵਿਦਵਾਨ ਡਾ. ਬ੍ਰਿਜਪਾਲ ਸਿੰਘ (ਸਾਬਕਾ ਪ੍ਰੋਫੈਸਰ ਅਰਥ-ਸ਼ਾਸਤਰ, ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ), ਡਾ. ਕੇਹਰ ਸਿੰਘ (ਸਾਬਕਾ ਪ੍ਰੋਫੈਸਰ ਰਾਜਨੀਤੀ ਵਿਗਿਆਨ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਤੇ ਇੰਜ. ਸੁਪਰੀਤਪਾਲ ਸਿੰਘ (ਹੈੱਡ, ਬਿਜ਼ਨਸ ਡਿਵੈਲਪਮੈਂਟ ਐਂਡ ਪ੍ਰਾਜੈਕਟਸ, ਪੀਟੀਈਐੱਸਏ ਇੰਡਸਟਰੀਜ਼ ਇੰਡੋਨੇਸ਼ੀਆ) ਦਾ ਇੱਥੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ।

ਮੁੱਖ ਬੁਲਾਰੇ ਡਾ. ਬ੍ਰਿਜਪਾਲ ਸਿੰਘ ਨੇ ਕਿਹਾ ਕਿ ਆਧੁਨਿਕ ਜੀਵਨ ਬਦਲਦੀਆਂ ਕਦਰਾਂ-ਕੀਮਤਾਂ, ਵਧਦੀਆਂ ਇੱਛਾਵਾਂ ਤੇ ਵਿਗਿਆਨ-ਤਕਨੀਕ ਨੇ ਮਨੁੱਖ ਨੂੰ ਵਧੇਰੇ ਵਿਅਕਤੀਗਤ ਕਰ ਦਿੱਤਾ ਹੈ,ਜਿਸ ਕਰਕੇ ਉਹ ਅੰਦਰੂਨੀ ਜੀਵਨ ਨੂੰ ਬਦਲਣ ’ਤੇ ਜ਼ੋਰ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਆਧੁਨਿਕ ਜੀਵਨ ਹੰਕਾਰ, ਸਵੈ-ਪੇਸ਼ਕਾਰੀ ਤੇ ਮਾਣ-ਪ੍ਰਾਪਤੀ ਦੀ ਭੁੱਖ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ ਜੋ ਮਨੁੱਖ ਨੂੰ ਸਹੀ ਮਾਰਗ ਤੋਂ ਦੂਰ ਲੈ ਜਾਂਦਾ ਹੈ। ਉਨ੍ਹਾਂ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਨੂੰ ਅਪਣਾਉਣ ’ਤੇ ਜ਼ੋਰ ਦਿੱਤਾ।

Advertisement

ਡਾ. ਕੇਹਰ ਸਿੰਘ ਨੇ ਸਿੰਘ ਸਭਾ ਲਹਿਰ ਬਾਰੇ ਦੋ ਪ੍ਰਭਾਵਸ਼ਾਲੀ ਕਾਰਜਾਂ ਦਾ ਸਥਾਪਿਤ ਸਿੱਖ ਗ੍ਰੰਥਾਂ, ਇਤਿਹਾਸਕ ਦਸਤਾਵੇਜ਼ਾਂ ਤੇ ਪੁਰਾਣੀਆਂ ਵਿਆਖਿਆ ਪਰੰਪਰਾਵਾਂ ਦੇ ਆਧਾਰ ’ਤੇ ਸੰਤੁਲਿਤ ਮੁਲਾਂਕਣ ਕੀਤਾ। ਇੰਜ. ਸੁਪਰੀਤ ਪਾਲ ਸਿੰਘ ਨੇ ਪੰਜਾਬ ਦੀ ਚੜ੍ਹਦੀ ਕਲਾ ਨੂੰ ਉਸ ਸੰਸਥਾ ਦੀ ਪ੍ਰੇਰਨਾ ਸ਼ਕਤੀ ਦੱਸਿਆ ਜੋ ਖੋਜ ਉੱਤਮਤਾ, ਤਕਨੀਕੀ ਦੂਰਅੰਦੇਸ਼ੀ ਤੇ ਨੀਤੀ-ਆਧਾਰਿਤ ਦ੍ਰਿਸ਼ਟੀ ਨਾਲ ਖੇਤਰ ਤੇ ਦੇਸ਼ ਦੇ ਭਵਿੱਖ ਨੂੰ ਬਦਲ ਸਕਦੀ ਹੈ।

Advertisement

ਸਮਾਗਮਾਂ ਦੀ ਸ਼ੁਰੂਆਤ ਯੂਨੀਵਰਸਿਟੀ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਦੇ ਭੋਗ ਤੇ ਹਜ਼ੂਰੀ ਰਾਗੀ ਭਾਈ ਨਰਿੰਦਰ ਸਿੰਘ (ਸ੍ਰੀ ਦਰਬਾਰ ਸਾਹਿਬ) ਵੱਲੋਂ ਸ਼ਬਦ-ਕੀਰਤਨ ਨਾਲ ਹੋਈ। ਸ਼ਾਮ ਨੂੰ ਯੂਨੀਵਰਸਿਟੀ ਦੀਆਂ ਮੁੱਖ ਇਮਾਰਤਾਂ ’ਤੇ ਦੀਪਮਾਲਾ ਕੀਤੀ ਗਈ। ਚਿੱਤਰਕਾਰੀ ਮੁਕਾਬਲੇ ਵਿਚ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਰਜਿਸਟਰਾਰ ਪ੍ਰੋ. ਕੇ.ਐੱਸ. ਚਹਿਲ ਨੇ ਸਾਰਿਆਂ ਦਾ ਧੰਨਵਾਦ ਕੀਤਾ।

Advertisement
×