Uttarakhand Avalanche ਬਚਾਅ ਕਾਰਜਾਂ ਵਿਚ ਲੱਗੀਆਂ ਟੀਮਾਂ ਨੂੰ ਰਿਹਾਇਸ਼ ਤੇ ਲੰਗਰ ਮੁਹੱਈਆ ਕਰ ਰਹੇ ਹਨ ਗੁਰਦੁਆਰੇ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਮਾਰਚ
ਉੱਤਰਾਖੰਡ ਵਿੱਚ ਬਦਰੀਨਾਥ ਧਾਮ ਨੇੜੇ ਪਿੰਡ ਮਾਣਾ ਕੋਲ ਬਰਫ ਹੇਠ ਦੱਬੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਚੱਲ ਰਹੇ ਬਚਾਅ ਕਾਰਜਾਂ ਦੌਰਾਨ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਵੱਲੋਂ ਬਚਾਅ ਟੀਮਾਂ ਦੇ ਮੈਂਬਰਾਂ ਨੂੰ ਗੁਰਦੁਆਰਿਆਂ ਵਿੱਚ ਰਿਹਾਇਸ਼ ਅਤੇ ਲੰਗਰ ਮੁਹੱਈਆ ਕਰਕੇ ਸਿੱਖ ਧਰਮ ਵਿੱਚ ਮਾਨਵਤਾ ਦੀ ਸੇਵਾ ਦੇ ਸਿਧਾਂਤ ਤਹਿਤ ਸੇਵਾ ਦਾ ਫਰਜ਼ ਨਿਭਾਇਆ ਜਾ ਰਿਹਾ ਹੈ।
ਇਸ ਵੇਲੇ ਬਚਾਅ ਕਾਰਜਾਂ ਵਿੱਚ ਲੱਗੇ ਵੱਖ-ਵੱਖ ਏਜੰਸੀਆਂ ਦੇ 150 ਤੋਂ ਵੱਧ ਮੈਂਬਰ ਇਥੇ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਅਤੇ ਗੁਰਦੁਆਰਾ ਸ੍ਰੀ ਜੋਸ਼ੀ ਮਠ ਵਿਖੇ ਠਹਿਰੇ ਹੋਏ ਹਨ। ਇਨ੍ਹਾਂ ਨੂੰ ਇੱਥੇ ਦੋਵਾਂ ਗੁਰਦੁਆਰਿਆਂ ਵਿੱਚ ਰਿਹਾਇਸ਼ ਅਤੇ ਲੰਗਰ ਦੀ ਸਹੂਲਤ ਮੁਹੱਈਆ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਬਚਾਅ ਟੀਮਾਂ ਵਿੱਚ ਐੱਨਡੀਆਰਐੱਫ ਅਤੇ ਐੱਸਡੀਆਰਐੱਫ ਸਮੇਤ ਭਾਰਤੀ ਫੌਜ, ਗੜਵਾਲ ਸਕਾਊਟ ਆਦਿ ਦੇ ਮੈਂਬਰ ਸ਼ਾਮਲ ਹਨ। ਇਨ੍ਹਾਂ ਵਿੱਚੋਂ 50 ਤੋਂ 60 ਜਵਾਨ ਗੁਰਦੁਆਰਾ ਜੋਸ਼ੀ ਮੱਠ ਵਿਖੇ ਅਤੇ ਕਰੀਬ 100 ਜਵਾਨ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਵਿਖੇ ਠਹਿਰੇ ਹੋਏ ਹਨ।
ਚੇਤੇ ਰਹੇ ਕਿ ਸ਼ੁੱਕਰਵਾਰ ਨੂੰ ਬਰਫ਼ ਦੇ ਤੋਦੇ ਡਿੱਗਣ ਕਾਰਨ ਬੀਆਰਓ ਦੇ ਕਰੀਬ 54 ਮੈਂਬਰ ਬਰਫ ਹੇਠ ਦੱਬ ਗਏ ਸਨ, ਜਿਨ੍ਹਾਂ ਨੂੰ ਬਚਾਉਣ ਵਾਸਤੇ ਉਸੇ ਦਿਨ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਵਿੱਚੋਂ 46 ਮੈਂਬਰ ਸੁਰੱਖਿਅਤ ਬਾਹਰ ਕੱਢੇ ਜਾ ਚੁੱਕੇ ਹਨ ਜਦੋਂਕਿ ਸੱਤ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਅਜੇ ਵੀ ਲਾਪਤਾ ਹੈ ਜਿਸ ਨੂੰ ਲੱਭਣ ਲਈ ਯਤਨ ਜਾਰੀ ਹਨ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਜਨਰਲ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਬਚਾਅ ਕਾਰਜ ਵਿੱਚ ਲੱਗੀਆਂ ਟੀਮਾਂ ਦੇ ਮੈਂਬਰਾਂ ਨੂੰ ਰਿਹਾਇਸ਼ ਅਤੇ ਲੰਗਰ ਸਮੇਤ ਹੋਰ ਹਰ ਸੰਭਵ ਮਦਦ ਮੁਹੱਈਆ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬਚਾਅ ਕਾਰਜਾਂ ਵਿੱਚ ਲੱਗੀਆਂ ਟੀਮਾਂ ਵਿੱਚੋਂ ਕਰੀਬ 150 ਮੈਂਬਰ ਇੱਥੇ ਟਰਸਟ ਦੇ ਦੋ ਗੁਰਦੁਆਰਿਆਂ ਜੋਸ਼ੀ ਮਠ ਅਤੇ ਗੋਬਿੰਦ ਘਾਟ ਵਿਖੇ ਰੁਕੇ ਹੋਏ ਹਨ।
ਗੁਰਦੁਆਰੇ ਵਿੱਚ ਉਨ੍ਹਾਂ ਨੂੰ ਲੰਗਰ ਅਤੇ ਰਿਹਾਇਸ਼ ਦੀ ਸੇਵਾ ਮੁਹੱਈਆ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਬਚਾਅ ਕਾਰਜ ਚੱਲਣਗੇ ਇਹ ਟੀਮਾਂ ਦੇ ਮੈਂਬਰ ਇੱਥੇ ਰੁਕਣਗੇ ਅਤੇ ਗੁਰਦੁਆਰਾ ਕਮੇਟੀ ਵੱਲੋਂ ਇਨ੍ਹਾਂ ਨੂੰ ਹਰ ਸੰਭਵ ਮਦਦ ਗੁਰੂਘਰ ਤੋਂ ਮੁਹਈਆ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਵਿੱਚ ਭਾਰੀ ਬਰਫਬਾਰੀ ਹੋਈ ਹੈ। ਮੀਂਹ ਤੇ ਬਰਫਬਾਰੀ ਕਰਕੇ ਬਚਾਅ ਕਾਰਜਾਂ ਵਿੱਚ ਵੀ ਮੁਸ਼ਕਲ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਥੋਂ ਉੱਪਰਲਾ ਇਲਾਕਾ ਪੂਰੀ ਤਰ੍ਹਾਂ ਬਰਫ ਨਾਲ ਢਕਿਆ ਹੋਇਆ ਹੈ।
ਦੱਸਣਯੋਗ ਹੈ ਕਿ ਸਿੱਖ ਧਰਮ ਦੀਆਂ ਰਵਾਇਤਾਂ ਮੁਤਾਬਕ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਇਸ ਇਲਾਕੇ ਵਿੱਚ ਜਦ ਕਦੇ ਵੀ ਕੁਦਰਤੀ ਆਫਤ ਆਈ ਹੈ ਤਾਂ ਮਨੁੱਖਤਾ ਦੀ ਸੇਵਾ ਕੀਤੀ ਗਈ ਹੈ। 2013 ਵਿੱਚ ਆਏ ਹੜ੍ਹਾਂ ਵੇਲੇ ਵੀ ਗੁਰਦੁਆਰਿਆਂ ਦੇ ਦੁਆਰ ਮਨੁੱਖਤਾ ਦੀ ਸੇਵਾ ਲਈ ਖੋਲ੍ਹ ਦਿੱਤੇ ਗਏ ਸਨ। ਜੋਸ਼ੀ ਮੱਠ ਵਿੱਚ ਜ਼ਮੀਨ ਖਿਸਕਣ ਵੇਲੇ ਵੀ ਕਈ ਪਰਿਵਾਰਾਂ ਨੂੰ ਗੁਰਦੁਆਰੇ ਵਿੱਚ ਕਈ ਮਹੀਨੇ ਰਿਹਾਇਸ਼ ਅਤੇ ਲੰਗਰ ਮੁਹੱਈਆ ਕੀਤਾ ਗਿਆ ਸੀ।