ਪੁਲੀਸ ਥਾਣੇ ’ਤੇ ਗ੍ਰਨੇਡ ਹਮਲਾ: ਐੱਨਆਈਏ ਵੱਲੋਂ ਚਾਰਜਸ਼ੀਟ ਵਿਚ ਤਿੰਨ ਭਗੌੜਿਆਂ ਸਮੇਤ 7 ਜਣੇ ਨਾਮਜ਼ਦ
ਨਵੀਂ ਦਿੱਲੀ, 27 ਜੂਨ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਦਸੰਬਰ 2024 ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਦਹਿਸ਼ਤਗਰਦਾਂ ਵੱਲੋਂ ਗੁਰਦਾਸਪੁਰ ਪੁਲੀਸ ਥਾਣੇ ’ਤੇ ਕੀਤੇ ਗ੍ਰਨੇਡ ਹਮਲੇ ਨਾਲ ਸਬੰਧਤ ਮਾਮਲੇ ਵਿੱਚ ਤਿੰਨ ਭਗੌੜਿਆਂ ਸਮੇਤ ਸੱਤ ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਅਧਿਕਾਰੀਆਂ ਨੇ ਅੱਜ ਕਿਹਾ ਕਿ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਵਿੱਚ ਘਣੀ ਕੇ ਬਾਂਗਰ ਪੁਲੀਸ ਥਾਣੇ ’ਤੇ ਹੋਏ ਦਹਿਸ਼ਤੀ ਹਮਲੇ ਦੀ ਜ਼ਿੰਮੇਵਾਰੀ ਬੀਕੇਆਈ ਕਾਰਕੁਨਾਂ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਅਤੇ ਗੁਰਪ੍ਰੀਤ ਉਰਫ਼ ਗੋਪੀ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਲਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕਾ ਸਥਿਤ ਪਾਸੀਆ, ਪਾਕਿਸਤਾਨ ਅਧਾਰਿਤ ਦਹਿਸ਼ਤਗਰਦ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਉਰਫ਼ ਹਨੀ ਇਸ ਵੇਲੇ ਭਗੌੜੇ ਹਨ ਤੇ ਐੱਨਆਈਏ ਨੇ ਵੀਰਵਾਰ ਨੂੰ ਮੁਹਾਲੀ ਦੀ ਅਦਾਲਤ ਵਿੱਚ ਦਾਇਰ ਚਾਰਜਸ਼ੀਟ ’ਚ ਤਿੰਨਾਂ ਨੂੰ ਨਾਮਜ਼ਦ ਕੀਤਾ ਹੈ। ਐੱਨਆਈਏ ਵੱਲੋਂ ਜਾਰੀ ਬਿਆਨ ਅਨੁਸਾਰ ਅਤਿਵਾਦ ਵਿਰੋਧੀ ਏਜੰਸੀ ਵੱਲੋਂ ਚਾਰਜਸ਼ੀਟ ਕੀਤੇ ਗਏ ਚਾਰ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਕੁਲਜੀਤ ਸਿੰਘ, ਅਭਿਜੋਤ ਸਿੰਘ, ਗੁਰਜਿੰਦਰ ਸਿੰਘ ਅਤੇ ਸ਼ੁਭਮ ਵਜੋਂ ਹੋਈ ਹੈ, ਜੋ ਸਾਰੇ ਪਿੰਡ ਕਿਲਾ ਲਾਲ ਸਿੰਘ, ਬਟਾਲਾ ਦੇ ਵਸਨੀਕ ਹਨ। ਇਨ੍ਹਾਂ ਸੱਤਾਂ ਮੁਲਜ਼ਮਾਂ ਨੂੰ 12 ਦਸੰਬਰ, 2024 ਨੂੰ ਹੋਏ ਹਮਲੇ ਦੀ ਸਾਜ਼ਿਸ਼ ਅਤੇ ਅਮਲ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਗੈਰਕਾਨੂੰਨੀ ਸਰਗਰਮੀਆਂ (ਰੋਕੂ) ਐਕਟ ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਨਾਲ ਹੋਰਨਾਂ ਸਬੰਧਤ ਧਾਰਾਵਾਂ ਤਹਿਤ ਚਾਰਜਸ਼ੀਟ ਕੀਤਾ ਗਿਆ ਹੈ।
ਜਾਂਚ ਏਜੰਸੀ ਨੇ ਕਿਹਾ ਕਿ ਇਸ ਸਾਲ 23 ਮਾਰਚ ਨੂੰ ਕੇਸ ਦੀ ਜਾਂਚ ਆਪਣੇ ਹੱਥਾਂ ਵਿਚ ਲੈਣ ਵਾਲੀ ਐੱਨਆਈਏ ਨੇ ਤਫ਼ਤੀਸ਼ ਦੌਰਾਨ ਪਾਇਆ ਕਿ ਰਿੰਦਾ ਦੇ ਇਸ਼ਾਰੇ ’ਤੇ ਹੈਪੀ ਪਾਸੀਆ ਨੇ ਅਰਮੀਨੀਆ ਵਿੱਚ ਆਪਣੇ ਗੁਰਗੇ ਸ਼ਮਸ਼ੇਰ ਸਿੰਘ ਰਾਹੀਂ ਅਭਿਜੋਤ ਸਿੰਘ ਨੂੰ ਦਹਿਸ਼ਤੀ ਹਮਲੇ ਨੂੰ ਅੰਜਾਮ ਦੇਣ ਲਈ ਭਰਤੀ ਕੀਤਾ ਸੀ। ਐੱਨਆਈਏ ਨੇ ਅਭਿਜੋਤ ਨੂੰ ਚੰਡੀਗੜ੍ਹ ਦੇ ਸੈਕਟਰ 10 ਵਿਚ ਗੋਲੀਬਾਰੀ ਨਾਲ ਸਬੰਧਤ ਇੱਕ ਵੱਖਰੇ ਮਾਮਲੇ ਵਿੱਚ ਵੀ ਗ੍ਰਿਫ਼ਤਾਰ ਕੀਤਾ ਹੈ। -ਪੀਟੀਆਈ